ਜਸਬੀਰ ਸਿੰਘ ਚਾਨਾ
ਫਗਵਾੜਾ, 14 ਫਰਵਰੀ
ਇੱਥੋਂ ਨਜ਼ਦੀਕੀ ਪਿੰਡ ਪੰਡੋਰੀ ਵਿੱਚ ਭਤੀਜੇ ਨੇ ਆਪਣੇ ਚਾਚੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਐੱਸਐੱਚਓ ਸਦਰ ਰਮਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਭਤੀਜਾ ਬਿਕਰਮਜੀਤ ਸਿੰਘ ਆਪਣੀ ਮਾਂ ਨਾਲ ਕਿਸੇ ਘਰੇਲੂ ਮਾਮਲੇ ਵਿਚ ਲੜਾਈ ਕਰ ਰਿਹਾ ਸੀ ਜਦੋਂ ਉਸ ਦੇ ਚਾਚੇ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਦੀ ਬਹਿਸ ਹੋ ਗਈ ਤੇ ਬਿਕਰਮਜੀਤ ਸਿੰਘ ਘਰੋਂ ਚਲਾ ਗਿਆ। ਰਾਤ ਇੱਕ ਵਜੇ ਦੇ ਕਰੀਬ ਬਿਕਰਮਜੀਤ ਘਰ ਵਾਪਸ ਆ ਗਿਆ ਤੇ ਆਪਣੇ ਚਾਚੇ ਦੇ ਕਮਰੇ ਵਿੱਚ ਜਾ ਵੜਿਆ ਤੇ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਦਰ ਥਾਣੇ ਦੀ ਪੁਲੀਸ ਮੌਕੇ ’ਤੇ ਪੁੱਜੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾਇਆ। ਪੁਲੀਸ ਨੇ ਇਸ ਸਬੰਧ ਵਿੱਚ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਤੰਗ ਲੁੱਟਣ ਵੇਲੇ ਬੱਚੇ ਦੀ ਮੌਤ
ਫਿਲੌਰ (ਪੱਤਰ ਪ੍ਰੇਰਕ): ਪਿੰਡ ਜਗਤਪੁਰਾ ਦਾ ਰਹਿਣ ਵਾਲਾ ਅੱਠ ਸਾਲ ਦਾ ਬੱਚਾ ਪਤੰਗ ਲੁੱਟਣ ਲਈ ਹਾਈਵੇਅ ’ਤੇ ਚਲਾ ਗਿਆ ਜਿੱਥੇ ਉਹ ਕਿਸੇ ਅਣਪਛਾਤੇ ਵਾਹਨ ਦੇ ਥੱਲੇ ਆ ਗਿਆ। ਇਸ ਹਾਦਸੇ ਵਿਚ ਬੱਚੇ ਦਾ ਸਿਰ ਵਾਹਨ ਦੇ ਟਾਇਰ ਹੇਠ ਆ ਗਿਆ ਜਿਸ ਕਾਰਨ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕ੍ਰਿਸ਼ਨਾ ਪੁੱਤਰ ਸੋਨੂੰ ਪਿੰਡ ਜਗਤਪੁਰਾ ਵਜੋਂ ਹੋਈ ਹੈ। ਜੀਟੀ ਰੋਡ ਉੱਤੇ ਇਕ ਬੱਚੇ ਦੀ ਲਾਸ਼ ਪਈ ਦੇਖ ਨੇੜੇ ਦੇ ਢਾਬਾ ਮਾਲਕ ਨੇ ਪੁਲੀਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੇ ਪੁਲੀਸ ਮੁਲਾਜ਼ਮਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਲਾਪਤਾ ਲੜਕੀ ਦੀ ਲਾਸ਼ ਮਿਲੀ
ਗੁਰਾਇਆ (ਨਿੱਜੀ ਪੱਤਰ ਪ੍ਰੇਰਕ): ਪਿੰਡ ਰੁੜਕੀ ਤੋਂ ਸ਼ਾਮ ਸਮੇਂ ਲਾਪਤਾ ਹੋਈ ਨਾਬਾਲਗ ਲੜਕੀ ਦੀ ਲਾਸ਼ ਮਿਲਣ ਨਾਲ ਪਿੰਡ ਵਿਚ ਸਨਸਨੀ ਫੈਲ ਗਈ। ਦੇਸ ਰਾਜ ਦੀ 13 ਸਾਲਾ ਧੀ ਅਚਾਨਕ ਸ਼ਾਮ ਸਮੇਂ ਲਾਪਤਾ ਹੋ ਗਈ ਸੀ। ਭਾਲ ਕਰਨ ’ਤੇ ਉਸ ਦੀ ਲਾਸ਼ ਪਿੰਡ ਦੇ ਇਕ ਘਰ ਵਿੱਚੋਂ ਮਿਲੀ ਹੈ। ਹਰਦੀਪ ਸਿੰਘ ਐੱਸਐੱਚਓ ਗੁਰਾਇਆ ਨੇ ਦੱਸਿਆ ਕਿ ਲੜਕੀ ਦੀ ਲਾਸ਼ ਗੁਰਪ੍ਰੀਤ ਸਿੰਘ ਗੋਪੀ ਦੇ ਘਰ ਤੋਂ ਬਰਾਮਦ ਹੋਈ ਹੈ। ਪੁਲੀਸ ਵੱਖ-ਵੱਖ ਪਹਿਲੂਆਂ ਤੋਂ ਜਾਚ ਕਰ ਰਹੀ ਹੈ।