ਹੁਸ਼ਿਆਰਪੁਰ: ਨਿੱਕੀ ਉਮਰੇ ਵੱਡੀਆਂ ਪੁਲਾਂਘਾ ਪੁੱਟਣ ਵਾਲਿਆਂ ਵਿਚ ਸ਼ੁਮਾਰ ਹੁੰਦਿਆਂ ਕਸਬਾ ਭੰਗਾਲਾ ਦੀ ਇਕ ਸਾਲ 9 ਮਹੀਨਿਆਂ ਦੀ ਬੱਚੀ ਆਰੋਹੀ ਮਹਾਜਨ ਨੇ ਆਪਣੀ ਵਿਲੱਖਣ ਪ੍ਰਾਪਤੀ ਸਦਕਾ ਆਪਣਾ ਨਾਂ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਕਰਵਾ ਲਿਆ ਹੈ। ਆਰੋਹੀ ਮਹਾਜਨ ਨੂੰ ਇੰਡੀਆ ਬੁੱਕ ਆਫ਼ ਰਿਕਾਰਡਜ਼ ਸੰਸਥਾ ਵਲੋਂ ਇਸ ਉਮਰ ਵਿੱਚ ਸਬਜ਼ੀਆਂ, ਫ਼ਲਾਂ, ਸਰੀਰ ਦੇ ਅੰਗਾਂ, ਮਿਊਜ਼ਿਕ ਇੰਸਟਰੂਮੈਂਟਸ, ਪਸ਼ੂਆਂ ਦੇ ਨਾਂ ਬਹੁਤ ਸੁਚੱਜੇ ਢੰਗ ਨਾਲ ਦੱਸਣ ਤੋਂ ਇਲਾਵਾ ਡਾਂਸ ਦੀ ਵਧੀਆ ਪੇਸ਼ਕਾਰੀ, 4 ਜਾਨਵਰਾਂ ਦੀਆਂ ਅਵਾਜ਼ਾਂ ਕੱਢਣ ਦੇ ਨਾਲ-ਨਾਲ ਅੰਗਰੇਜ਼ੀ ਦੇ ਅੱਖਰਾਂ ਨੂੰ ਸਹਿਜੇ ਹੀ ਬੋਲਣ ’ਤੇ ਪ੍ਰਸ਼ੰਸਾ ਪੱਤਰ, ਮੈਡਲ, ਬੈਜ, ਪੈਨ ਅਤੇ ਪ੍ਰਸ਼ੰਸਾ ਪੱਤਰ ਵਾਲਾ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਦਫ਼ਤਰ ਆਰੋਹੀ ਨੂੰ ਨਾਲ ਲੈ ਕੇ ਪਹੁੰਚੇ ਪਿਤਾ ਵਿਵੇਕ ਮਹਾਜਨ, ਮਾਤਾ ਮਿਨਾਕਸ਼ੀ ਮਹਾਜਨ ਅਤੇ ਦਾਦੀ ਰਾਧਾ ਗੁਪਤਾ ਨੂੰ ਆਰੋਹੀ ਦੀ ਪ੍ਰਾਪਤੀ ਲਈ ਉਨ੍ਹਾਂ ਵਧਾਈ ਦਿੱਤੀ। ਵਿਵੇਕ ਮਹਾਜਨ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਮਿਆਰੀ ਸੰਗੀਤ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਦੀ ਧੀ ਆਰੋਹੀ ਦਾ ਹੁਣ ਤੋਂ ਹੀ ਸੰਗੀਤ ਪ੍ਰਤੀ ਵਿਸ਼ੇਸ਼ ਲਗਾਅ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਵਲੋਂ ਆਰੋਹੀ ਨੂੰ ਦਿੱਤੀ ਟਰੇਨਿੰਗ ਉਪਰੰਤ ਪਹਿਲਾਂ ਵੀ ਦੋ ਵਾਰ ਇੰਡੀਆ ਬੁੱਕ ਆਫ਼ ਰਿਕਾਰਡਜ਼ ਲਈ ਕੋਸ਼ਿਸ਼ ਕੀਤੀ ਗਈ ਸੀ ਜੋ ਸਫ਼ਲ ਨਹੀਂ ਹੋ ਸਕੀ। -ਪੱਤਰ ਪ੍ਰੇਰਕ