ਪਾਲ ਸਿੰਘ ਨੌਲੀ
ਜਲੰਧਰ, 30 ਅਗਸਤ
ਨਸ਼ੇ ਲਈ ਪੈਸੇ ਨਾ ਦੇਣ `ਤੇ ਨਸ਼ੇੜੀ ਵਿਅਕਤੀ ਨੇ ਆਪਣੇ ਫੁੱਫੜ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਵਾਸੀ ਨਿਊ ਹਰਦੇਵ ਨਗਰ ਵਜੋਂ ਹੋਈ।
ਮ੍ਰਿਤਕ ਦੇ ਭਰਾ ਦਵਿੰਦਰ ਸਿੰਘ ਨੇ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਉਸ ਦਾ ਭਰਾ ਸੁਖਦੇਵ ਸਿੰਘ ਨਿਊ ਹਰਦੇਵ ਨਗਰ ਵਿੱਚ ਇਕੱਲਾ ਰਹਿੰਦਾ ਸੀ ਅਤੇ ਉਸ ਦੀ ਪਤਨੀ ਤੇ ਦੋਵੇਂ ਪੁੱਤਰ ਮਨੀਲਾ ਰਹਿੰਦੇ ਹਨ। ਉਸ ਦਾ ਇੱਕ ਰਿਸ਼ਤੇਦਾਰ ਜਸਪ੍ਰੀਤ ਸਿੰਘ ਵਾਸੀ ਨੰਗਲ ਸਪਰੋੜ ਜ਼ਿਲ੍ਹਾ ਕਪੂਰਥਲਾ ਲੰਘੀ ਰਾਤ ਉਸ ਦੇ ਭਰਾ ਕੋਲੋਂ ਆਇਆ ਸੀ। ਉਹ ਨਸ਼ਿਆਂ ਦਾ ਆਦੀ ਹੈ ਤੇ ਉਸ ਦੇ ਭਰਾ ਕੋਲੋਂ ਅਕਸਰ ਪੈਸੇ ਲੈ ਕੇ ਜਾਂਦਾ ਸੀ। ਉਸ ਦੇ ਭਰਾ ਸੁਖਦੇਵ ਸਿੰਘ ਨੇ ਫੋਨ ਕਰ ਕੇ ਦੱਸਿਆ ਸੀ ਕਿ ਉਸ ਨੇ ਜਸਪ੍ਰੀਤ ਸਿੰਘ ਨੂੰ ਨਸ਼ਿਆਂ ਲਈ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ ਸੀ ਤਾਂ ਉਹ ਉਸ ਨਾਲ ਲੜਾਈ ਝਗੜਾ ਕਰ ਰਿਹਾ ਹੈ।
ਦਵਿੰਦਰ ਸਿੰਘ ਨੇ ਦੱਸਿਆ ਕਿ ਵੱਡੇ ਤੜਕੇ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਉਸ ਦੇ ਭਰਾ ਸੁਖਦੇਵ ਸਿੰਘ ਦਾ ਕਤਲ ਹੋ ਗਿਆ ਹੈ।
ਪੁਲੀਸ ਨੇ ਮੁਲਜ਼ਮ ਵਿਰੁੱਧ ਆਈਪੀਸੀ ਦੀ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਚਾਰ ਘੰਟਿਆਂ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਜਸਪ੍ਰੀਤ ਸਿੰਘ ਨੂੰ ਗਾਂਧੀ ਵਨੀਤਾ ਆਸ਼ਰਮ ਨੇੜੇ ਕਪੂਰਥਲਾ ਚੌਕ ਤੋਂ ਗ੍ਰਿਫਤਾਰ ਕਰ ਲਿਆ। ਮੁੱਢਲੀ ਪੁੱਛਗਿੱਛ ਕਰਨ `ਤੇ ਜਸਪ੍ਰੀਤ ਸਿੰਘ ਨੇ ਮੰਨਿਆ ਕਿ ਉਹ ਨਸ਼ੇ ਕਰਨ ਦਾ ਕਰਨ ਦਾ ਆਦੀ ਸੀ ਅਤੇ ਉਹ ਪਹਿਲਾਂ ਵੀ ਨਸ਼ੇ ਦੀ ਪੂਰਤੀ ਕਰਨ ਲਈ ਆਪਣੇ ਫੁਫੜ ਸੁਖਦੇਵ ਸਿੰਘ ਪਾਸੋਂ ਧੱਕੇ ਨਾਲ ਪੈਸੇ ਲੈ ਕੇ ਜਾਂਦਾ ਸੀ ਪਰ ਅੱਜ ਪੈਸੇ ਨਾ ਦੇਣ ’ਤੇ ਉਸ ਨੇ ਆਪਣੇ ਫੁਫੜ ਸੁਖਦੇਵ ਸਿੰਘ ਦਾ ਕਤਲ ਕਰ ਦਿੱਤਾ।