ਜਸਬੀਰ ਸਿੰਘ ਚਾਨਾ
ਫਗਵਾੜਾ, 24 ਅਗਸਤ
ਫਗਵਾੜਾ ਨਗਰ ਨਿਗਮ ਵਲੋਂ ਸ਼ਹਿਰ ਦੇ ਸਤਨਾਮਪੁਰਾ ਖੇਤਰ ਤੇ ਚੰਡੀਗੜ੍ਹ ਬਾਈਪਾਸ ’ਤੇ ਚਾਰ ਗੈਰ ਕਾਨੂੰਨੀ ਦੁਕਾਨਾਂ ਨੂੰ ਢਾਹ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਨਗਰ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਨੇ ਦੱਸਿਆ ਕਿ ਨਿਗਮ ਦੀ ਇਮਾਰਤ ਸ਼ਾਖਾ ਵਲੋਂ ਇਹ ਕਾਰਵਾਈ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਹੱਦ ਅੰਦਰ ਕਿਸੇ ਵੀ ਤਰ੍ਹਾਂ ਦੀ ਅਣਅਧਿਕਾਰਤ ਉਸਾਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਪੁਲੀਸ ਕਾਰਵਾਈ ਯਕੀਨੀ ਬਣਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸਤਨਾਮਪੁਰਾ ਖੇਤਰ ਤੇ ਚੰਡੀਗੜ੍ਹ ਬਾਈਪਾਸ ਉੱਪਰ 4 ਦੁਕਾਨਾਂ ਬਿਨਾਂ ਕੋਈ ਜਾਣਕਾਰੀ ਤੇ ਨਕਸ਼ਾ ਪਾਸ ਕਰਵਾਏ ਬਗੈਰ ਹੀ ਉਸਾਰੀਆਂ ਜਾ ਰਹੀਆਂ ਸਨ, ਜੋ ਕਿ ਨਿਗਮ ਵਲੋਂ ਢਾਹ ਦਿੱਤੀਆਂ ਗਈਆਂ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਉਸਾਰੀ ਤੋਂ ਬਚਣ ਤੇ ਇਮਾਰਤੀ ਉਸਾਰੀ ਸਬੰਧੀ ਸਾਰੇ ਨਿਯਮਾਂ ਦੀ ਪਾਲਣਾ ਕਰਕੇ ਹੀ ਉਸਾਰੀ ਕਰਨ।