ਨਿੱਜੀ ਪੱਤਰ ਪ੍ਰੇਰਕ
ਜਲੰਧਰ, 13 ਜਨਵਰੀ
ਪਿੰਡ ਅਲੀਵਾਲ ਵਿੱਚ ਹੋਏ ਮਾਂ-ਪੁੱਤ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਥਾਣਾ ਲੋਹੀਆਂ ਦੀ ਪੁਲੀਸ ਨੇ ਅੱਜ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨੌਜਵਾਨ ਨੇ ਪੰਚਾਇਤ ਵਿੱਚ ਹੋਈ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਦੋਹਾਂ ਦਾ ਕਤਲ ਕਰਨਾ ਮੰਨਿਆ ਹੈ। ਇਸ ਸਬੰਧੀ ਐੱਸਐੱਸਪੀ ਦਿਹਾਤੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਥਾਣਾ ਲੋਹੀਆਂ ਨੂੰ ਜਸਪਾਲ ਸਿੰਘ ਵਾਸੀ ਪਿੰਡ ਅਲੀਵਾਲ ਲੋਹੀਆਂ ਨੇ ਸ਼ਿਕਾਇਤ ਦਿੱਤੀ ਸੀ ਕਿ 5 ਜਨਵਰੀ ਨੂੰ ਉਸ ਦੀ ਗੂੰਗੀ ਤੇ ਬੋਲੀ ਚਾਚੀ ਕਰਤਾਰੀ ਤੇ ਉਸ ਲੜਕੇ ਮੰਗਤ ਰਾਮ ਦਾ ਕਤਲ ਹੋ ਗਿਆ ਸੀ। ਇਸ ਕੇਸ ਦੀ ਜਾਂਚ ’ਚ ਪੁਲੀਸ ਨੇ ਇੱਕ ਵਿਅਕਤੀ ਕਾਬੂ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਨੇ ਹੀ ਕਰਤਾਰੀ ਅਤੇ ਮੰਗਤ ਰਾਮ ਦਾ ਕਤਲ ਕੀਤਾ ਹੈ। ਮੁਲਜ਼ਮ ਦੀ ਪਛਾਣ ਬਲਵਿੰਦਰ ਸਿੰਘ ਉਰਫ਼ ਸੰਨੀ ਵਾਸੀ ਪਿੰਡ ਅਲੀਵਾਲ ਦੇ ਰੂਪ ਵਿੱਚ ਹੋਈ ਹੈ।
ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕਰਤਾਰੀ ਦੇ ਘਰੋਂ ਸਿਲੰਡਰ ਚੋਰੀ ਹੋਇਆ ਸੀ। ਇਸ ਦੀ ਸ਼ਿਕਾਇਤ ਕਰਤਾਰੀ ਨੇ ਪੰਚਾਇਤ ਵਿੱਚ ਕਰ ਦਿੱਤੀ, ਜਿੱਥੇ ਉਸ ਦੇ ਪਿਤਾ ਨੂੰ ਸਿਲੰਡਰ ਦਾ ਹਰਜਾਨਾ ਭਰਨਾ ਪਿਆ। ਇਸ ਗੱਲ ਦੀ ਬੇਇਜ਼ਤੀ ਮਹਿਸੂਸ ਹੋਣ ਕਰਕੇ ਬਦਲਾ ਲੈਣ ਲਈ ਉਸ ਨੇ ਦੋਹਾਂ ਦਾ ਕਤਲ ਕੀਤਾ ਸੀ।