ਪਾਲ ਸਿੰਘ ਨੌਲੀ
ਜਲੰਧਰ, 20 ਅਪਰੈਲ
ਸ਼੍ਰੋਮਣੀ ਅਕਾਲੀ ਦਲ ਨੇ ਕਣਕ ਦੀ ਖਰੀਦ ਵਿੱਚ ਕਿਸਾਨਾਂ ’ਤੇ ਆੜ੍ਹਤੀਆਂ ਦੀ ਕੀਤੀ ਜਾ ਰਹੀ ਖੱਜਲ ਖੁਆਰੀ ਵਿਰੁੱਧ ਪੰਜਾਬ ਸਰਕਾਰ ਨੂੰ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਅਗਵਾਈ ਵਿੱਚ ਆੜ੍ਹਤੀਏ ਤੇ ਕਿਸਾਨਾਂ ਨੇ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਦਫਤਰ ਵਿੱਚ ਮੰਜਾ ਡਾਹ ਲਿਆ ਤੇ ਮੰਗ ਕੀਤੀ ਕਿ ਮੰਡੀਆਂ ਵਿੱਚ ਆੜ੍ਹਤੀਆਂ ਨੂੰ ਬਾਰਦਾਨਾ ਮੁਹੱਈਆ ਕਰਵਾਇਆ ਜਾਵੇ ਅਤੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਨਾ ਮਿਲਣ ’ਤੇ ਵੀ ਸਰਕਾਰ ਦੀ ਅਲੋਚਨਾ ਕੀਤੀ ਗਈ।ਦਫ਼ਤਰ ਕੰਪਲੈਕਸ ਵਿੱਚ ਮੰਜੇ ’ਤੇ ਬੈਠੇ ਵਿਧਾਇਕ ਪਵਨ ਕੁਮਾਰ ਟੀਨੂੰ ਦੇ ਨਾਲ ਆਏ ਆੜ੍ਹਤੀਏ ਨੇ ਦੱਸਿਆ ਕਿ ਮੰਡੀਆਂ ਵਿੱਚ ਨਾ ਤਾਂ ਬਾਰਦਾਨਾ ਹੈ ਤੇ ਨਾ ਹੀ ਮੰਡੀਆਂ ਵਿੱਚੋਂ ਕਣਕ ਚੁੱਕੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 10 ਅਪਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਈ ਹੈ, ਪਰ ਅੱਜ 10 ਬੀਤ ਜਾਣ ਦੇ ਬਾਵਜੂਦ ਕਿਸੇ ਕਿਸਾਨ ਦੇ ਖਾਤੇ ਵਿੱਚ ਪੈਸੇ ਨਹੀਂ ਆਏ। ਪਵਨ ਕੁਮਾਰ ਟੀਨੂੰ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਅਜੇ ਤੱਕ ਇੱਕ ਧੇਲਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਬਾਰਦਾਨੇ ਦਾ ਪ੍ਰਬੰਧ ਮੁੱਖ ਮੰਤਰੀ ਪੰਜਾਬ ਤੇ ਖੁਰਾਕ ਮੰਤਰੀ ਨੇ ਕਰਨਾ ਸੀ ਪਰ ਉਨ੍ਹਾਂ ਨੇ ਨਹੀਂ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਦੋ ਦਿਨਾਂ ਵਿੱਚ ਮਸਲੇ ਹੱਲ ਨਾ ਹੋਏ ਤਾਂ ਪੱਕਾ ਧਰਨਾ ਲਾਇਆ ਜਾਵੇਗਾ।
ਮਜੀਠਾ (ਨਿੱਜੀ ਪੱਤਰ ਪ੍ਰੇਰਕ): ਹਲਕਾ ਮਜੀਠਾ ਦੇ ਕਸਬਾ ਟਾਹਲੀ ਸਾਹਿਬ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਲਈ ਦਿਹਾਤੀ ਕਾਂਗਰਸ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਨੇ ਚੇਅਰਮੈਨ ਮਾਰਕੀਟ ਕਮੇਟੀ ਮੋਹਨ ਸਿੰਘ ਨਬਿਰਵਿੰਡ ਤੇ ਸਾਥੀਆਂ ਨਾਲ ਦੌਰਾ ਕੀਤਾ ਤੇ ਓਂਕਾਰ ਟਰੇਡਿੰਗ ਕੰਪਨੀ ਤੇ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਆੜ੍ਹਤੀਆਂ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਬਾਅਦ ਵਿੱਚ ਗੱਲਬਾਤ ਕਰਦਿਆਂ ਸੱਚਰ ਨੇ ਕਿਹਾ ਕਿ ਸਰਕਾਰ ਵੱਲੋਂ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਇੱਕ ਇੱਕ ਦਾਣਾ ਸਰਕਾਰ ਵੱਲੋਂ ਖ਼ਰੀਦਿਆ ਜਾਵੇਗਾ।
ਭੋਗਪੁਰ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਆਪਣੇ ਸਮਰਥਕਾਂ ਨੂੰ ਨਾਲ ਲੈ ਕੈ ਵੱਖ-ਵੱਖ ਦਾਣਾ ਮੰਡੀਆਂ ਵਿੱਚ ਜਾ ਕੇ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ। ਹਲਕਾ ਕਰਤਾਰਪੁਰ ਦੇ ਪਾਰਟੀ ਇੰਚਾਰਜ ਸਤਪਾਲ ਮੱਲ, ਪਚਰੰਗਾ ਸਰਕਲ ਦੇ ਆਗੂ ਕਮਲਜੀਤ ਸਿੰਘ ਘੁੰਮਣ, ਗੁਰਪਾਲ ਸਿੰਘ ਢਿਲੋਂ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਫੋਕਲ ਪੁਆਇੰਟ ਕੁਰਾਲਾ ਤੇ ਕੰਧਾਲਾ ਗੁਰੂ ਵਿੱਚ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ।