ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਅਕਤੂਬਰ
ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਛਾਉਣੀ ਹਲਕੇ ਵਿੱਚ ਪਿਛਲੇ ਸਮੇਂ ਕਾਫੀ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਜੋ ਬਾਕੀ ਰਹਿ ਗਏ ਹਨ ਉਨ੍ਹਾਂ ਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ। ਹਲਕੇ ਦੇ 50 ਪਿੰਡਾਂ ਨੂੰ ਦੋ ਕਰੋੜ 18 ਲੱਖ ਰੁਪਏ ਦੀ ਗਰਾਂਟ ਤਕਸੀਮ ਕਰਨ ਸਮੇਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਪਿੰਡਾਂ ਵਿੱਚ ਰਹਿ ਰਹੇ ਲੋਕ ਸ਼ਹਿਰਾਂ ਵਰਗੀਆਂ ਸਹੂਲਤਾਂ ਦਾ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਜਲੰਧਰ ਪੂਰਬੀ ਬਲਾਕ ਦੇ 37 ਪਿੰਡਾਂ ਨੂੰ ਇਕ ਕਰੋੜ 39 ਲੱਖ ਰੁਪਏ ਦੀ ਗਰਾਂਟ ਅਤੇ ਰੁੜਕਾ ਬਲਾਕ ਦੇ 13 ਪਿੰਡਾਂ ਨੂੰ 79 ਲੱਖ 6 ਹਜ਼ਾਰ ਰੁਪਏ ਦੀ ਗਰਾਂਟ ਤਕਸੀਮ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਗਰਾਂਟ ਉਨ੍ਹਾਂ ਵਿਕਾਸ ਕਾਰਜਾਂ ਲਈ ਹੀ ਪਿੰਡਾਂ ਨੂੰ ਦਿੱਤੀ ਗਈ ਹੈ, ਜਿਸ ਲਈ ਉਨ੍ਹਾਂ ਪਿੰਡਾਂ ਨੇ ਮੰਗ ਕੀਤੀ ਸੀ। ਇਹ ਗਰਾਂਟਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਖਾਤਿਆਂ ਵਿੱਚ ਆਨਲਾਈਨ ਟਰਾਂਸਫਰ ਕਰ ਦਿੱਤੀਆਂ ਗਈਆਂ ਹਨ। ਵਿਧਾਇਕ ਪਰਗਟ ਸਿੰਘ ਨੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਨੁਮਾਇੰਦਿਆਂ ਨੂੰ ਇਨ੍ਹਾਂ ਗਰਾਂਟਾਂ ਸਬੰਧੀ ਪੱਤਰ ਜਾਰੀ ਕੀਤੇ ਹਨ।