ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 3 ਨਵੰਬਰ
ਗ਼ਦਰੀ ਬਾਬਿਆਂ ਦੇ ਮੇਲੇ ਦੀ ਅਖੀਰਲੀ ਰਾਤ ਨੂੰ ਨਾਟਕਾਂ ਤੇ ਗੀਤਾਂ ਨੇ ਯਾਦਗਾਰੀ ਬਣਾ ਦਿੱਤਾ। ਸਾਮਰਾਜੀ ਤੇ ਫ਼ਿਰਕੂ ਫਾਸ਼ੀ ਹੱਲੇ ਖ਼ਿਲਾਫ਼ ਜੂਝਦੀਆਂ ਲਹਿਰਾਂ ਦੇ ਸੰਗਰਾਮੀਆਂ ਨੂੰ ਸਮਰਪਿਤ ਮੇਲੇ ’ਚ ਪੇਸ਼ ਨਾਟਕਾਂ ਤੇ ਗੀਤਾਂ ਨੇ ਦਰਸ਼ਕਾਂ/ਸਰੋਤਿਆਂ ਨੂੰ ਆਪਣੇ ਫ਼ਰਜ਼ਾਂ ਲਈ ਹਲੂਣਾ ਦਿੱਤਾ।
ਇਸ ਰਾਤ ਦੇ ਉਹ ਪਲ ਖਚਾ ਖਚ ਭਰੇ ਪੰਡਾਲ ਨੂੰ ਝੰਜੋੜ ਗਏ ਜਦੋਂ ਲਹਿੰਦੇ ਪੰਜਾਬ ਤੋਂ ਚੋਟੀ ਦੇ ਕਵੀ ਬਾਬਾ ਨਜ਼ਮੀ ਦਾ ਸੁਨੇਹਾ ਮੇਲੇ ਦੇ ਨਾਂ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਫੋਨ ਰਾਹੀਂ ਸਿੱਧਾ ਉਨ੍ਹਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਲੋਕਾਂ ਨੂੰ ਸੁਣਾਇਆ।
ਬਾਬਾ ਨਜ਼ਮੀ ਨੇ ਮੇਲੇ ’ਚ ਜੁੜੇ ਇਕੱਠ ਨੂੰ ਕਿਹਾ ਕਿ ਦਿਲ ’ਚ ਬਹੁਤ ਹੀ ਤਾਂਘ ਸੀ ਗ਼ਦਰੀ ਬਾਬਿਆਂ ਦੇ ਮੇਲੇ ’ਤੇ ਪੁੱਜ ਕੇ ਸਾਂਝੇ ਆਜ਼ਾਦੀ ਸੰਗਰਾਮ ਦੇ ਮਹਾਨ ਦੇਸ਼ ਭਗਤਾਂ ਨੂੰ ਸਿਜਦਾ ਕਰਨ ਦੀ। ਚੰਗਾ ਹੁੰਦਾ ਜੇ ਮੇਲੇ ’ਤੇ ਤੁਹਾਡੇ ਦਰਸ਼ਨ ਕਰਨ ਦੀ ਇਜਾਜ਼ਤ ਮਿਲ ਜਾਂਦੀ। ਵਿੱਚੇ ਰਹਿ ਗਈ ਇਹ ਰੀਝ ਬਹੁਤ ਤਕਲੀਫ਼ ਦੇਹ ਹੈ। ਉਨ੍ਹਾਂ ਕਿਹਾ ਕਿ ਸਾਡਾ ਬਾਬਾ ਨਾਨਕ, ਬਾਬਾ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਤੇ ਵਾਰਸ ਸ਼ਾਹ ਸਭ ਸਾਂਝੇ ਨੇ। ਸਾਡੇ ਦੁੱਖੜੇ, ਖੁਸ਼ੀਆਂ ਮੇਲੇ ਸਾਂਝੇ ਨੇ। ਫ਼ਿਰ ਵੀ ਆਦਮੀ ਆਸ ਨਾਲ ਸਦਾ ਸਫ਼ਰ ’ਤੇ ਰਹਿੰਦਾ ਹੈ।
ਨਾਟਕਾਂ ਭਰੀ ਰਾਤ ’ਚ ਲੋਕ ਕਲਾ ਮੰਚ ਮਾਨਸਾ ਵੱਲੋਂ ਪ੍ਰੋ. ਅਜਮੇਰ ਸਿੰਘ ਔਲਖ ਦੇ ਲਿਖੇ, ਜੈਸਮੀਤ ਵੱਲੋਂ ਨਿਰਦੇਸ਼ਤ ਨਾਟਕ ‘ਅਵੇਸਲੇ ਯੁੱਧਾਂ ਦੀ ਨਾਇਕਾ ਨੇ‘ ਔਰਤ ਵਰਗ ਅੰਦਰਲੀ ਕਹਾਣੀ ਪੇਸ਼ ਕੀਤੀ। ਕੇਵਲ ਧਾਲੀਵਾਲ ਦੇ ਲਿਖੇ ਤੇ ਨਿਰਦੇਸ਼ਤ ਨਾਟਕ ‘ਦੁਸ਼ਮਣ’ ਨੇ ਪਾਣੀ ਵਰਗੀ ਕੁਦਰਤੀ ਨਿਆਮਤ ਉਪਰ ਜੱਫ਼ਾ ਮਾਰ ਕੇ ਅੰਨ੍ਹੇ ਮੁਨਾਫ਼ੇ ਕਮਾਉਣ ਤੇ ਲੋਕਾਂ ਨੂੰ ਮੌਤ ਦੇ ਜਬਾੜ੍ਹਿਆਂ ’ਚ ਧੱਕਣ ਦੇ ਹੱਲੇ ਦਾ ਪਰਦਾ ਫਾਸ਼ ਕੀਤਾ।
ਡਾ. ਸਾਹਿਬ ਸਿੰਘ ਦੀ ਦੇ ਲਿਖੇ ਤੇ ਉਨ੍ਹਾਂ ਵੱਲੋਂ ਨਿਰਦੇਸ਼ਤ ਨਾਟਕ ‘ਲੱਛੂ ਕਬਾੜੀਆਂ’ ਨੇ ਬੇਜ਼ਮੀਨੇ ਲੋਕਾਂ ਦੀ ਜ਼ਿੰਦਗੀ ਨੂੰ ਪੇਸ਼ ਕੀਤਾ। ਇਸ ਰਾਤ ਮਾਲਵੇ ਤੋਂ ਆਏ ਕਲਾਕਾਰ ਨੇ ਬਾਬਾ ਨਜ਼ਮੀ ਦੀ ਨਜ਼ਮ ਸੁਣਾ ਕੇ, ਬਾਬਾ ਨਜ਼ਮੀ ਦੇ ਨਾ ਆ ਸਕਣ ਦੀ ਪੀੜ ਦੀ ਤਾਰ ਛੇੜ ਦਿੱਤੀ। ਅਹਿਮਦਾਬਾਦ (ਗੁਜਰਾਤ) ਤੋਂ ਆਈ ਵਿਨੈ ਤੇ ਚਾਰੁਲ ਦੀ ਜੋੜੀ ਨੇ ਗੀਤਾਂ ਭਰੀ ਕਹਾਣੀ ਪੇਸ਼ ਕੀਤੀ। ਮਾਨਵਤਾ ਕਲਾ ਮੰਚ ਨਗਰ (ਪਲਸ ਮੰਚ) ਦੀ ਕਲਾਕਾਰ ਨਰਗਿਸ, ਧਰਮਿੰਦਰ ਮਸਾਣੀ, ਦਸਤਕ ਮੰਚ ਦੇ ਮਨਦੀਪ, ਸਾਰਾ ਤੇ ਸਾਥੀਆਂ ਨੇ ਦਿਲ ਟੁੰਭਵੇਂ ਗੀਤ ਪੇਸ਼ ਕੀਤੇ। ਇਪਟਾ ਮੋਗਾ ਦੇ ਕਲਾਕਾਰ ਅਵਤਾਰ ਚੜਿਕ ਤੇ ਜਸ ਰਿਆਜ਼ ਨੇ ਤਿੱਖੇ ਵਿਅੰਗ ਕੱਸਦਿਆਂ ਲੋਕਾਂ ’ਚ ਚੇਤਨਾ ਦੀ ਨਵੀਂ ਚਿਣਗ ਜਗਾਈ ਤੇ ਹਸਾ ਹਸਾ ਕੇ ਢਿੱਡੀਂ ਪੀੜਾਂ ਪਾਈਆਂ।
ਇਸ ਰਾਤ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਕਾਰਜ਼ਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਜਿਥੇ ਸਫ਼ਲ ਮੇਲੇ ’ਤੇ ਮੁਬਾਰਕਵਾਦ ਦਿੱਤੀ, ਉਥੇ ਲੋਕਾਂ ਨੂੰ ਆਪਣੇ ਮਹਾਨ ਇਤਿਹਾਸ ਤੋਂ ਰੌਸ਼ਨੀ ਲੈਂਦਿਆਂ, ਗ਼ਦਰੀ ਦੇਸ਼ ਭਗਤਾਂ ਦੇ ਸੁਪਨੇ ਸਾਕਾਰ ਕਰਨ ਲਈ ਸੰਗਰਾਮ ਜਾਰੀ ਰੱਖਣ ਦਾ ਸੱਦਾ ਦਿੱਤਾ। ਨਾਟਕਾਂ ਤੇ ਗੀਤਾਂ ਭਰੀ ਰਾਤ ਦਾ ਮੰਚ ਸੰਚਾਲਣ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।