ਲਾਜਵੰਤ ਸਿੰਘ
ਨਵਾਂਸ਼ਹਿਰ, 25 ਅਗਸਤ
ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਅੱਜ ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ 12 ਸਾਲ ਦੀ ਬੱਚੀ ਦੇ ਬਾਲ ਵਿਆਹ ਨੂੰ ਰੁਕਵਾਇਆ ਗਿਆ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਿੱਚ 12 ਸਾਲ ਦੀ ਬੱਚੀ ਦੇ ਵਿਆਹ ਸਬੰਧੀ ਸੂਚਨਾ ਪ੍ਰਾਪਤ ਹੋਣ ’ਤੇ ਐੱਸਡੀਐੱਮ ਡਾ. ਬਲਜਿੰਦਰ ਸਿੰਘ ਢਿੱਲੋਂ ਵੱਲੋਂ ਤੁਰੰਤ ਡੀਐੱਸਪੀ ਸ਼ਹਬਿਾਜ਼ ਸਿੰਘ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਟੀਮ ਨਾਲ ਮੌਕੇ ’ਤੇ ਪੁੱਜਣ ਦੀ ਬੇਨਤੀ ਕੀਤੀ ਗਈ। ਟੀਮ ਵੱਲੋਂ ਬੱਚੀ ਦੇ ਘਰ ਪੁੱਜ ਕੇ ਪਾਇਆ ਗਿਆ ਕਿ ਬੱਚੀ ਦਾ ਵਿਆਹ 14 ਸਾਲਾਂ ਦੇ ਲੜਕੇ ਨਾਲ ਕੀਤਾ ਜਾਣਾ ਸੀ। ਪੁਲੀਸ ਅਧਿਕਾਰੀਆਂ ਤੇ ਜ਼ਿਲ੍ਹਾ ਬਾਲ ਸੁਰੱਖਿਆ ਟੀਮ ਵੱਲੋਂ ਮੌਕੇ ’ਤੇ ਦੋਵਾਂ ਬੱਚਿਆ ਦੇ ਮਾਂ-ਪਿਉ ਦੀ ਕਾਊਂਸਲਿੰਗ ਕੀਤੀ ਗਈ ਤਾਂ ਜੋ ਬਾਲ ਵਿਆਹ ਨਾ ਕੀਤਾ ਜਾਵੇ, ਪਰ ਬੱਚਿਆ ਦੇ ਮਾਂ-ਪਿਉ ਵੱਲੋਂ ਵਿਆਹ ਨਾ ਕਰਵਾਉਣ ਸਬੰਧੀ ਸਹਿਮਤੀ ਨਾ ਦੇਣ ’ਤੇ ਟੀਮ ਵੱਲੋਂ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਅੱਗੇ ਪੇਸ਼ ਕੀਤਾ ਗਿਆ। ਇਸ ਮਗਰੋਂ ਬਾਲ ਭਲਾਈ ਕਮੇਟੀ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ਾਂ ਬਾਅਦ, ਕਮੇਟੀ ਦੇ ਹੁਕਮਾਂ ਨਾਲ ਬੱਚੀ ਨੂੰ ਗਾਂਧੀ ਵਨੀਤਾ ਆਸ਼ਰਮ, ਜਲੰਧਰ ਅਤੇ ਲੜਕੇ ਨੂੰ ਚਿਲਡਰਨ ਹੋਮ ਫਾਰ ਬੁਆਇਜ਼ ਵਿੱਚ ਭੇਜਿਆ ਗਿਆ ਅਤੇ ਬਾਲ ਵਿਆਹ ਨੂੰ ਰੋਕਿਆ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਨੇ ਦੱਸਿਆ ਕਿ 18 ਸਾਲ ਤੋਂ ਘੱਟ ਕਿਸੇ ਵੀ ਬੱਚੀ ਜਾਂ 21 ਸਾਲ ਤੋ ਘੱਟ ਕਿਸੇ ਵੀ ਲੜਕੇ ਦਾ ਵਿਆਹ ਕਰਵਾਉਣਾ ਕਾਨੂੰਨੀ ਜੁਰਮ ਹੈ। ਅਜਿਹਾ ਨਾ ਕਰਨ ਦੀ ਹਾਲਤ ਵਿੱਚ ਬਾਲ ਵਿਆਹ ਕਰਵਾਉਣ ਵਾਲੇ ਵਿਅਕਤੀ ਨੂੰ 2 ਸਾਲ ਤੱਕ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।