ਪੱਤਰ ਪ੍ਰੇਰਕ
ਹੁਸ਼ਿਆਰਪੁਰ, 1 ਫਰਵਰੀ
ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਅੱਜ 33 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਆਜ਼ਾਦ ਉਮੀਦਵਾਰ ਕਰਮਜੀਤ ਸਿੰਘ ਤੇ ਅਸ਼ੋਕ ਕੁਮਾਰ, ਦਸੂਹਾ ਤੋਂ ਕਾਂਗਰਸ ਪਾਰਟੀ ਦੇ ਅਰੁਣ ਡੋਗਰਾ ਤੇ ਅਵਿਨਾਸ਼ ਡੋਗਰਾ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸੁਖਵਿੰਦਰ ਸਿੰਘ, ਬਹੁਜਨ ਸਮਾਜ ਪਾਰਟੀ ਦੇ ਸੁਸ਼ੀਲ ਕੁਮਾਰ ਸ਼ਰਮਾ, ਆਜ਼ਾਦ ਉਮੀਦਵਾਰ ਜਨਕ ਰਾਜ ਤੇ ਪੰਜਾਬ ਕਿਸਾਨ ਦਲ ਦੇ ਬਬੂ ਸਿੰਘ ਬਾਜ, ਉੜਮੁੜ ਤੋਂ ਆਜ਼ਾਦ ਉਮੀਦਵਾਰ ਅਰਸ਼ਦੀਪ ਸਿੰਘ, ਦੀਪਇੰਦਰ ਕੌਰ ਤੇ ਬਲਜੀਤ ਸਿੰਘ, ਕਾਂਗਰਸ ਪਾਰਟੀ ਦੇ ਸੰਗਤ ਸਿੰਘ ਤੇ ਜੋਗਿੰਦਰ ਸਿੰਘ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਹਰਜਿੰਦਰ ਸਿੰਘ ਤੇ ਆਮ ਆਦਮੀ ਪਾਰਟੀ ਦੇ ਜਸਵੀਰ ਸਿੰਘ ਗਿੱਲ, ਸ਼ਾਮਚੁਰਾਸੀ ਤੋਂ ਅਜ਼ਾਦ ਉਮੀਦਵਾਰ ਭਗਵਾਨ ਦਾਸ ਤੇ ਜੰਡਮ ਸਿੱਧੂ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਦੇਸ ਰਾਜ ਧੁੱਗਾ ਅਤੇ ਕੁਲਜੀਤ ਕੌਰ, ਹੁਸ਼ਿਆਰਪੁਰ ਤੋਂ ਆਜ਼ਾਦ ਉਮੀਦਵਾਰ ਜਸਵੀਰ ਸਿੰਘ, ਚੱਬੇਵਾਲ ਤੋਂ ਭਾਜਪਾ ਦੇ ਡਾ. ਦਿਲਬਾਗ ਰਾਏ, ਕਾਂਗਰਸ ਦੇ ਰਾਜ ਕੁਮਾਰ ਤੇ ਸੋਨੀਆ, ਆਜ਼ਾਦ ਉਮੀਦਵਾਰ ਦਲਵੀਰ ਸਿੰਘ ਰਾਜੂ, ਰਮਨ ਕੁਮਾਰ ਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਗਦੀਸ਼ ਸਿੰਘ, ਗੜ੍ਹਸ਼ੰਕਰ ਤੋਂ ਕਾਂਗਰਸ ਦੇ ਅਮਰਪ੍ਰੀਤ ਸਿੰਘ ਲਾਲੀ ਤੇ ਬਲਵਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਅਜੈਬ ਸਿੰਘ, ਭਾਜਪਾ ਦੇ ਨਿਮਿਸ਼ਾ ਮਹਿਤਾ ਤੇ ਹਰਵਿੰਦਰ ਪਾਲ ਤੇ ਆਜ਼ਾਦ ਉਮੀਦਵਾਰ ਗੋਨੀ ਖਾਬਰਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਜ਼ਿਲ੍ਹਾ ਚੋਣ ਅਧਿਕਾਰੀ ਅਪਨੀਤ ਰਿਆਤ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 2 ਫ਼ਰਵਰੀ ਨੂੰ ਹੋਵੇਗੀ ਜਦੋਂਕਿ 4 ਫ਼ਰਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ।
ਜਲੰਧਰ (ਨਿੱਜੀ ਪੱਤਰ ਪ੍ਰੇਰਕ) ਨਾਮਜ਼ਦਗੀਆਂ ਭਰਨ ਦੇ ਅੱਜ ਆਖਰੀ ਦਿਨ 69 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ। ਜ਼ਿਲ੍ਹੇ ਵਿੱਚ ਕੁੱਲ 170 ਉਮੀਦਵਾਰਾਂ ਨੇ 9 ਵਿਧਾਨ ਸਭਾ ਹਲਕਿਆਂ ਤੋਂ ਚੋਣਾਂ ਲੜਨ ਲਈ ਕਾਗਜ਼ ਦਾਖਲ ਕੀਤੇ ਹਨ। ਸਭ ਤੋਂ ਵੱਧ ਕਾਗਜ਼ ਜਲੰਧਰ ਪੱਛਮੀ ਤੋਂ ਭਰੇ ਗਏ ਹਨ। ਇਸ ਹਲਕੇ ਤੋਂ 26 ਉਮੀਦਵਾਰਾਂ ਨੇ ਚੋਣ ਲੜਨ ਲਈ ਕਾਗਜ਼ ਦਾਖਲ ਕੀਤੇ ਹਨ। ਸਭ ਤੋਂ ਘੱਟ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਕਾਗਜ਼ ਦਾਖਲ ਹੋਏ ਹਨ। ਇਥੋਂ 14 ਜਣਿਆਂ ਨੇ ਕਾਗਜ਼ ਭਰੇ ਹਨ। ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ 2 ਫਰਵਰੀ ਨੂੰ ਇਨ੍ਹਾਂ ਕਾਗਜ਼ਾਂ ਦੀ ਜਾਂਚ ਪੜਤਾਲ ਹੋਵੇਗੀ ਤੇ 4 ਫਰਵਰੀ ਨੂੰ ਕਾਗਜ਼ ਵਾਪਸ ਲਏ ਜਾਣਗੇ।
ਸ਼ਾਹਕੋਟ (ਪੱਤਰ ਪ੍ਰੇਰਕ) ਨਾਮਜ਼ਦਗੀਆਂ ਭਰਨ ਦੇ ਅੱਜ ਆਖਰੀ ਦਿਨ 7 ਉਮੀਦਵਾਰਾਂ ਵੱਲੋਂ ਚੋਣ ਰਿਟਰਨਿੰਗ ਅਫਸ਼ਰ ਸ਼ਾਹਕੋਟ ਕੋਲ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਚੋਣ ਰਿਟਰਨਿੰਗ ਅਫਸ਼ਰ/ਐੱਸਡੀਐੱਮ ਸ਼ਾਹਕੋਟ ਲਾਲ ਵਿਸ਼ਵਾਸ ਬੈਂਸ ਨੇ ਦੱਸਿਆ ਕਿ ਅੱਜ ਭਾਜਪਾ ਦੇ ਨਰਿੰਦਰਪਾਲ ਸਿੰਘ ਚੰਦੀ, ਕਵਰਿੰਗ ਉਮੀਦਵਾਰ ਵਜੋਂ ਵਰਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਦੇ ਕਵਰਿੰਗ ਵਜੋਂ ਪ੍ਰਦੀਪ ਕੌਰ ਤੇ ਕਸ਼ਮੀਰ ਸਿੰਘ, ਪਰਮਜੋਤ ਕੌਰ, ਬਚਿੱਤਰ ਸਿੰਘ ਤੇ ਸਤਵੰਤ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਸੋਮਵਾਰ ਸੰਯੁਕਤ ਸਮਾਜ ਮੋਰਚਾ ਤੇ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰ ਡਾ. ਜਗਤਾਰ ਸਿੰਘ ਚੰਦੀ, ਕਵਰਿੰਗ ਵਜੋਂ ਡਾ. ਸੁਰਿੰਦਰ ਕੌਰ ਤੇ ਸੀਪੀਆਈ (ਐੱਮ) ਦੇ ਉਮੀਦਵਾਰ ਕਾ ਜਸਕਰਨ ਸਿੰਘ ਕੰਗ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਅੱਜ ਨਾਮਜ਼ਦਗੀਆਂ ਆਖਰੀ ਦਿਨ ਸੀ। 2 ਫਰਵਰੀ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਤੇ 4 ਫਰਵਰੀ ਨੂੰ ਨਾਮਜ਼ਦਗੀ ਵਾਪਿਸ ਲਈ ਜਾ ਸਕਦੀ ਹੈ।
ਰਈਆ (ਪੱਤਰ ਪ੍ਰੇਰਕ) ਵਿਧਾਨ ਸਭਾ ਚੋਣਾਂ ਦੇ ਨਾਮਜ਼ਦਗੀ ਦਾਖਲ ਕਰਨ ਦੇ ਆਖ਼ਰੀ ਦਿਨ ਵਿਧਾਨ ਸਭਾ ਹਲਕਾ ਬਾਬਾ ਬਕਾਲਾ-25 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬਲਜੀਤ ਸਿੰਘ ਜਲਾਲਉਸਮਾ ਨੇ ਐੱਸਡੀਐੱਮ ਬਾਬਾ ਬਕਾਲਾ ਕਮ ਚੋਣ ਅਧਿਕਾਰੀ ਹਲਕਾ ਬਾਬਾ ਬਕਾਲਾ ਦੇ ਦਫ਼ਤਰ ’ਚ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਵਾਏ। ਇਸ ਮੌਕੇ ਕਵਰਿੰਗ ਉਮੀਦਵਾਰ ਵਜੋਂ ਗੁਰਵਿੰਦਰ ਕੌਰ ਜਲਾਲ ਉਸਮਾ ਨੇ ਕਾਗ਼ਜ਼ ਦਾਖਲ ਕਰਵਾਏ। ਹੁਣ ਤੱਕ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਭਾਜਪਾ, ਸੰਯੁਕਤ ਸਮਾਜ ਮੋਰਚਾ ਸਣੇ 11 ਦੇ ਕਰੀਬ ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ ਕਰਵਾਏ ਜਾ ਚੁੱਕੇ ਹਨ ਤੇ ਖ਼ਬਰ ਲਿਖੇ ਜਾਣ ਤੱਕ ਅਜੇ ਹੋਰ ਉਮੀਦਵਾਰ ਕਾਗ਼ਜ਼ ਦਾਖਲ ਕਰਵਾਉਣ ਸਬੰਧੀ ਉਡੀਕ ਕਰ ਰਹੇ ਸਨ।
ਫਤਿਹਗੜ੍ਹ ਚੂੜੀਆਂ (ਪੱਤਰ ਪ੍ਰੇਰਕ) ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਲਈ ਕਾਂਗਰਸ ਉਮੀਦਵਾਰ ਵਜੋਂ ਦਾਖਲ ਕੀਤੇ।
ਫਗਵਾੜਾ (ਪੱਤਰ ਪ੍ਰੇਰਕ) ਅੱਜ ਆਖਰੀ ਦਿਨ ਚਾਰ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖ਼ਲ ਕੀਤੇ ਹਨ। ਐਸ.ਡੀ.ਐਮ ਕੁਲਪ੍ਰੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਨੇ ਕਾਗਜ ਦਾਖ਼ਲ ਕੀਤੇ ਹਨ ਉਨ੍ਹਾਂ ’ਚ ਸੰਯੁਕਤ ਸਮਾਜ ਮੋਰਚਾ ਦੇ ਖੁਸ਼ੀ ਰਾਮ (ਰਿਟ.ਆਈ.ਏ.ਐਸ), ਲੋਕ ਇਨਸਾਫ਼ ਪਾਰਟੀ ਦੇ ਜਰਨੈਲ ਨੰਗਲ, ਲੋਕ ਜਨ ਪਾਰਟੀ ਦੀ ਸ਼ਰਧਾ, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਅਮਰਜੀਤ ਸਿੰਘ ਸ਼ਾਮਲ ਹਨ।
ਤਲਵਾੜਾ (ਪੱਤਰ ਪ੍ਰੇਰਕ) ਅੱਜ ਤੱਕ ਕੁੱਲ 15 ਉਮੀਦਵਾਰਾਂ ਨੇ ਆਪਣੇ ਕਾਗਜ਼ ਭਰੇ ਹਨ। ਵੱਖ ਵੱਖ ਸਿਆਸੀ ਪਾਰਟੀਆਂ ਦੇ ਕੁੱਲ 11 ਉਮੀਦਵਾਰਾਂ ਸਣੇ 4 ਆਜ਼ਾਦ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖ਼ਲ ਕੀਤੇ ਹਨ। ਕਾਂਗਰਸ ਵੱਲੋਂ ਮੌਜ਼ੂਦਾ ਵਿਧਾਇਕ ਅਰੁਣ ਡੋਗਰਾ ਨੇ ਜਦੋਂਕਿ ਕਵਰਿੰਗ ਉਮੀਦਵਾਰ ਵਜੋਂ ਉਨ੍ਹਾਂ ਦੇ ਭਰਾ ਅਵਿਨਾਸ਼ ਡੋਗਰਾ, ਅਕਾਲੀ ਬਸਪਾ ਗੱਠਜੋੜ ਤੋਂ ਸੁਸ਼ੀਲ ਕੁਮਾਰ ਪਿੰਕੀ ਤੇ ਕਵਰਿੰਗ ਉਮੀਦਵਾਰ ਦੇ ਤੌਰਤੇ ਪਤਨੀ ਮੀਨਾ, ਭਾਜਪਾ ਤੋਂ ਰਘੁਨਾਥ ਸਿੰਘ ਰਾਣਾ ਤੇ ਕਵਰਿੰਗ ਉਮੀਦਵਾਰ ਵਜੋਂ ਪਤਨੀ ਪਰੋਮਿਲਾ ਰਾਣਾ ਤੇ ਆਪ ਤੋਂ ਕਰਮਵੀਰ ਘੁੰਮਣ ਤੇ ਕਵਰਿੰਗ ਉਮੀਦਵਾਰ ਵਜੋਂ ਪਤਨੀ ਪ੍ਰਭਜੋਤ ਕੌਰ ਧੁੱਗਾ ਨੇ ਕਾਗਜ਼ ਦਾਖ਼ਲ ਕੀਤੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸੁਖਵਿੰਦਰ ਸਿੰਘ ਤੇ ਪੰਜਾਬ ਕਿਸਾਨ ਦਲ ਤੋਂ ਬੱਬੂ ਸਿੰਘ ਬਾਜ਼ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਰਾਮ ਲਾਲ ਸੰਧੂ, ਜਨਕ ਰਾਜ, ਲਖਬੀਰ ਸਿੰਘ ਤੇ ਜਨਕ ਰਾਜ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰੇ।
ਆਖਰੀ ਦਿਨ ਭੁਲੱਥ ’ਚ 6 ਨਾਮਜ਼ਦਗੀ ਪੱਤਰ ਹੋਏ ਦਾਖਲ
ਭੁਲੱਥ (ਪੱਤਰ ਪ੍ਰੇਰਕ) ਅੱਜ ਸਬ ਡਿਵੀਜ਼ਨ ਕੰਪਲੈਕਸ ’ਚ ਚੋਣ ਅਫਸਰ ਸਾਹਮਣੇ ਪੰਜਾਬ ਲੋਕ ਕਾਂਗਰਸ, ਸੰਯੁਕਤ ਸੰਘਰਸ਼ ਪਾਰਟੀ, ਰਿਪਬਲਿਕਨ ਪਾਰਟੀ ਆਫ ਇੰਡੀਆ ਸਣੇ ਤਿੰਨ ਆਜ਼ਾਦ ਉਮੀਦਵਾਰਾਂ ਵੱਲੋਂ ਪਰਚੇ ਦਾਖਲ ਕੀਤੇ ਗਏ। ਪੰਜਾਬ ਲੋਕ ਕਾਂਗਰਸ ਦੇ ਅਮਨਦੀਪ ਸਿੰਘ ਗਿੱਲ ਤੇ ਕਵਰਿੰਗ ਉਮੀਦਵਾਰ ਵਜੋਂ ਉਸ ਦੀ ਪਤਨੀ ਮਨਪ੍ਰੀਤ ਕੌਰ ਗਿੱਲ, ਸੰਯੁਕਤ ਸੰਘਰਸ਼ ਪਾਰਟੀ ਵਲੋਂ ਸਰਬਜੀਤ ਸਿੰਘ ਤੇ ਕਵਰਿੰਗ ਉਮੀਦਵਾਰ ਵਜੋਂ ਉਸ ਦੀ ਪਤਨੀ ਬਲਜੀਤ ਕੌਰ ਤੇ ਆਰਪੀਆਈ ਵੱਲੋਂ ਹਰਪ੍ਰੀਤ ਕੌਰ ਤੇ ਤਿੰਨ ਆਜ਼ਾਦ ਉਮੀਦਵਾਰਾਂ ਜੋਗਿੰਦਰ ਸਿੰਘ, ਗੁਰਵਿੰਦਰ ਸਿੰਘ ਤੇ ਸੁਖਜਿੰਦਰ ਸਿੰਘ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਗੀਰ ਕੌਰ, ਕਾਂਗਰਸ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਤੇ ‘ਆਪ’ ਵੱਲੋਂ ਰਣਜੀਤ ਸਿੰਘ ਰਾਣਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।