ਪੱਤਰ ਪ੍ਰੇਰਕ
ਸ਼ਾਹਕੋਟ, 13 ਸਤੰਬਰ
ਪੁਲੀਸ ਚੌਕੀ ਉੱਗੀ (ਥਾਣਾ ਨਕੋਦਰ ਸਦਰ) ਅਧੀਨ ਆਉਂਦੇ ਪਿੰਡ ਰਸੂਲਪੁਰ ਕਲਾਂ ਵਿੱਚ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਮਜ਼ਦੂਰ ਨੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਤਫਤੀਸ਼ੀ ਅਫਸਰ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜਗਤਾਰ ਕੁਮਾਰ (32/33) ਪੁੱਤਰ ਸਵਰਗੀ ਜਸਵੀਰ ਕੁਮਾਰ ਨੇ ਆਤਮ ਹੱਤਿਆ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਮਾਤਾ ਬਲਵੀਰ ਕੌਰ ਵਾਸੀ ਨੰਗਲ ਅੰਬੀਆਂ ਦੇ ਬਿਆਨਾਂ ਮੁਤਾਬਕ ਉਨ੍ਹਾਂ ਦਾ ਪੁੱਤਰ ਬਚਪਨ ਤੋਂ ਹੀ ਆਪਣੇ ਨਾਨਕਿਆਂ ਕੋਲ ਰਸੂਲਪੁਰ ਕਲਾਂ ਵਿੱਚ ਰਹਿੰਦਾ ਸੀ। ਉਨ੍ਹਾਂ ਦਾ ਪੁੱਤਰ ਅੱਜ-ਕੱਲ੍ਹ ਮਜ਼ਦੂਰੀ ਨਾ ਮਿਲਣ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਇਸ ਕਾਰਨ ਉਨ੍ਹਾਂ ਦੇ ਪੁੱਤਰ ਨੇ ਘਰ ਵਿੱਚ ਫਾਹਾ ਲੈ ਲਿਆ। ਤਫਤੀਸ਼ੀ ਅਫਸਰ ਨੇ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕ ਦੀ ਮਾਤਾ ਦੇ ਅਧਾਰ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ।