ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਜੂਨ
ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਨੇ ਆਪਣੇ ਮਜ਼ਦੂਰ ਸਾਥੀਆਂ ਦੇ ਹੱਕਾਂ ਅਤੇ ਅਧਿਕਾਰਾਂ ’ਤੇ ਦਿਨ ਪ੍ਰਤੀ ਦਿਨ ਹੋ ਰਹੇ ਹਮਲਿਆਂ ਦੀ ਨਿਖੇਧੀ ਕਰਦਿਆਂ ਚਿੰਤਾ ਜ਼ਾਹਰ ਕੀਤੀ ਹੈ। ਯੂਨੀਅਨ ਦੇ ਆਗੂਆਂ ਕਾਮਰੇਡ ਕੇਵਲ ਸਿੰਘ ਹਜ਼ਾਰਾ, ਕਾਮਰੇਡ ਜਸਕਰਨ ਅਤੇ ਕਾਮਰੇਡ ਨਸੀਬ ਚੰਦ ਬੱਬੀ ਨੇ ਕਿਹਾ ਕਿ ਸਰਕਾਰ ਨੇ ਅਗਸਤ 2017 ਤੋਂ ਮਜ਼ਦੂਰਾਂ ਨੂੰ ਵਧੇਰੇ ਲਾਭ ਦੇਣ ਲਈ ਆਨਲਾਈਨ ਸੇਵਾ ਸ਼ੁਰੂ ਕੀਤੀ ਸੀ ਪਰ ਇਹ ਆਨਲਾਈਨ ਸੇਵਾ ਆਫਲਾਈਨ ਤੋਂ ਮਾੜੀ ਤੇ ਨਿਕੰਮੀ ਸਾਬਤ ਹੋਈ ਹੈ। ਬਹੁਤੇ ਮਜ਼ਦੂਰਾਂ ਦੀਆਂ ਅਪਲਾਈ ਕੀਤੀਆਂ ਕਾਪੀਆਂ 1 ਸਾਲ ਤੋਂ ਪੈਂਡਿੰਗ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਕਿਰਤੀ ਮਜ਼ਦੂਰਾਂ ਦੇ ਕਾਗਜ਼ ਪੱਤਰਾਂ ’ਚ ਜੋ ਕਮੀ ਹੁੰਦੀ ਸੀ ਉਹ ਯੂਨੀਅਨ ਮੈਂਬਰ ਦੇਖ ਕੇ ਮਜ਼ਦੂਰਾਂ ਨੂੰ ਦੱਸ ਦਿੰਦੇ ਸਨ ਪਰ ਹੁਣ ਉਸ ਨੂੰ ਵੀ ਮਹਿਕਮੇ ਨੇ ਬੰਦ ਕਰ ਦਿੱਤਾ ਹੈ। ਅਨਿਲ ਕੁਮਾਰ ਪੁੱਤਰ ਚਰਨ ਦਾਸ ਨੇ ਦੱਸਿਆ ਕਿ ਅੱਜ ਤੱਕ ਉਨ੍ਹਾਂ ਨੂੰ ਨਾ ਹੀ ਪਾਸ ਹੋਇਆ ਵਜ਼ੀਫਾ ਮਿਲਿਆ ਤੇ ਹੀ ਹੋਰ ਕੋਈ ਲਾਭ। ਹੋਰ ਬਹੁਤੇ ਮਜ਼ਦੂਰਾਂ ਦੀ ਵੀ ਇਹੀ ਮੁਸ਼ਕਲ ਹੈ। ਇਸੇ ਤਰ੍ਹਾਂ ਕਿਰਤੀ ਬੁੱਚੀ ਝਾਅ ਪੁੱਤਰ ਨੱਥਨ ਝਾਅ ਦੀ ਜਵਾਨ ਲੜਕੀ ਦੀ ਮੌਤ ਹੋਈ ਨੂੰ ਦੋ ਸਾਲ ਤੋਂ ਉੱਪਰ ਹੋ ਗਏ ਹਨ ਤੇ ਸਸਕਾਰ ਸਕੀਮ ਦੇ ਪੈਸੇ ਪਾਸ ਹਨ ਪਰ ਉਸ ਨੂੰ ਅਜੇ ਤੱਕ ਨਹੀਂ ਮਿਲੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਪ੍ਰਕਿਰਿਆ ਸਰਲ ਬਣਾਈ ਜਾਵੇ। ਇਸ ਮੌਕੇ ਯੂਨੀਅਨ ਆਗੂ ਕਾਮਰੇਡ ਵੀਵੀ ਐਂਥਨੀ, ਕਾਮਰੇਡ ਪਿਆਰੇ ਲਾਲ, ਪਰਮਜੀਤ ਸੰਸਾਰਪੁਰ ਹਾਜ਼ਰ ਸਨ।