ਪਾਲ ਸਿੰਘ ਨੌਲੀ
ਜਲੰਧਰ, 8 ਜੂਨ
ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਭ੍ਰਿਸ਼ਟਾਚਾਰ ਦਾ ਮੁੱਦਾ ਛਾਇਆ ਰਿਹਾ। ਸਮਾਰਟ ਸਿਟੀ ਦੇ ਅਰਬਾਂ ਰੁਪਏ ਦੇ ਪ੍ਰਾਜੈਕਟ ’ਚ ਵੱਡੇ ਪੱਧਰ ’ਤੇ ਹੋਈਆਂ ਗੜਬੜੀਆਂ ਨੂੰ ਲੈ ਕੇ ਕਾਂਗਰਸੀ ਕੌਂਸਲਰਾਂ ਨੇ ਆਪਣੀ ਹੀ ਪਾਰਟੀ ਦੇ ਮੇਅਰ ਨੂੰ ਘੇਰਾ ਪਾਈ ਰੱਖਿਆ। ਇਥੇ ਰੈੱਡ ਕਰਾਸ ਭਵਨ ’ਚ ਸੱਤ ਮਹੀਨਿਆਂ ਬਾਅਦ ਹਾਊਸ ਦੀ ਹੋਈ ਮੀਟਿੰਗ ਕਰੀਬ ਪੌਣੇ ਦੋ ਘੰਟੇ ਚੱਲੀ। ਮੀਟਿੰਗ ਦੌਰਾਨ ਉਦੋਂ ਹੰਗਾਮਾ ਹੋ ਗਿਆ ਜਦੋਂ ਮੇਅਰ ਜਗਦੀਸ਼ ਰਾਜਾ ਤੇ ਸਾਬਕਾ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ ਦੇ ਸਮਰਥਕ ਕੌਂਸਲਰਾਂ ’ਚ ਅਵਾਰਾ ਕੁੱਤਿਆਂ ਨੂੰ ਲੈ ਕੇ ਤੂੰ-ਤੂੰ, ਮੈਂ-ਮੈਂ ਹੋ ਗਈ। ਸਟਰੀਟ ਲਾਈਟਾਂ ਦਾ ਮੁੱਦਾ ਵੀ ਹਾਊਸ ਦੀ ਮੀਟਿੰਗ ’ਚ ਉਠਿਆ। ਮੇਅਰ ਨੇ ਹਾਊਸ ’ਚ ਐਲਾਨ ਕੀਤਾ ਕਿ ਐੱਲਈਡੀ ਸਟਰੀਟ ਲਾਈਟਾਂ ਦੇ ਮੁੱਦੇ ਨੂੰ ਲੈ ਕੇ ਹਾਊਸ ਦਾ ਸਪੈਸ਼ਲ ਸੈਸ਼ਨ ਸੱਦਿਆ ਜਾਵੇਗਾ।
ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਨੂੰ ਲੈ ਕੇ ਕੌਂਸਲਰਾਂ ਨੇ ਕਾਫੀ ਹੋ-ਹੱਲਾ ਕੀਤਾ। ਸ਼ਹਿਰ ਦੇ 80 ਵਾਰਡਾਂ ਵਿੱਚੋਂ 53 ਕੌਂਸਲਰ ਹੀ ਮੀਟਿੰਗ ’ਚ ਸ਼ਾਮਲ ਹੋਏ। ਭਾਜਪਾ ਦੇ ਅੱਠ ਕੌਂਸਲਰਾਂ ਵਿੱਚੋਂ ਸਿਰਫ ਦੋ ਹੀ ਹਾਜ਼ਰ ਸਨ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਜ ਕੌਂਸਲਰਾਂ ’ਚੋਂ ਤਿੰਨ ਹਾਜ਼ਰ ਹੋਏ। ਬਾਕੀ ਕੌਂਸਲਰ ਕਾਂਗਰਸ ਪਾਰਟੀ ਦੇ ਹਨ। ਹਾਊਸ ’ਚ ਹੰਗਾਮਾ ਉਦੋਂ ਸ਼ੁਰੂ ਹੋਇਆ ਜਦੋਂ ਰਾਮਾਮੰਡੀ ਇਲਾਕੇ ਦੇ ਚਾਰ-ਪੰਜ ਕਾਂਗਰਸੀ ਕੌਂਸਲਰਾਂ ਨੇ ਅਵਾਰਾ ਕੁੱਤਿਆਂ ਤੋਂ ਨਿਜ਼ਾਤ ਪਾਉਣ ਲਈ ਬਣਾਏ ਪ੍ਰਾਜੈਕਟ ਦੇ ਟੈਂਡਰ ਦੀ ਮਿਆਦ ਇਕ ਸਾਲ ਵਧਾਉਣ ਦਾ ਵਿਰੋਧ ਕੀਤਾ। ਇਨ੍ਹਾਂ ਕੌਂਸਲਰਾਂ ’ਚ ਮਨਦੀਪ ਜੱਸਲ, ਸ਼ਮਸ਼ੇਰ ਸਿੰਘ ਖਹਿਰਾ ਤੇ ਉਨ੍ਹਾਂ ਦੇ ਹੋਰ ਸਮਰਥਕ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਨੰਗਲਸ਼ਾਮਾ ਪਿੰਡ ’ਚ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਲਈ ਬਕਾਇਦਾ ਡੌਗ ਕੰਪਾਊਂਡ ਬਣਾਇਆ ਹੋਇਆ ਹੈ ਪਰ ਨਗਰ ਨਿਗਮ ਦੇ ਮੁਲਾਜ਼ਮ ਫੜੇ ਗਏ ਅਵਾਰਾ ਕੁੱਤਿਆਂ ਨੂੰ ਰਾਮਾਮੰਡੀ ਇਲਾਕੇ ’ਚ ਛੱਡ ਜਾਂਦੇ ਹਨ ਜਿਸ ਕਾਰਨ ਇਧਰ ਦੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਜਦੋਂਕਿ ਮੇਅਰ ਦੇ ਸਮਰਥਕ ਇਸ ਟੈਂਡਰ ਦੀ ਮਿਆਦ ਵਧਾਏ ਜਾਣ ਦੇ ਵਿਰੋਧ ’ਚ ਸਨ। ਇਸ ਮਤੇ ਦੀ ਹਮਾਇਤ ਕਰਨ ਵਾਲਿਆਂ ’ਚ ਕੌਂਸਲਰ ਨੀਲਕੰਠ, ਪਵਨ ਕੁਮਾਰ, ਮਨਿੰਦਰ ਸਿੰਘ ਰਾਜੂ ਆਦਿ ਸ਼ਾਮਲ ਸਨ। ਦੋਹਾਂ ਧੜਿਆਂ ਦੇ ਕੌਂਸਲਰ ਆਪਸ ’ਚ ਇਸ ਮੁੱਦੇ ਨੂੰ ਲੈ ਕੇ ਉਲਝੇ ਰਹੇ। ਇਸ ਦੌਰਾਨ ਅਵਾਰਾ ਕੁੱਤਿਆਂ ਬਾਰੇ ਪ੍ਰਾਜੈਕਟ ਦੇ ਮਾਮਲੇ ਨੂੰ ਅੱਗੇ ਪਾ ਦਿੱਤਾ ਗਿਆ।
ਕਾਂਗਰਸੀ ਕੌਂਸਲਰ ਡਾ. ਜਸਲੀਨ ਸੇਠੀ ਨੇ 50 ਕਰੋੜ ਦੇ ਸਟਰੀਟ ਲਾਈਟਾਂ ਦੇ ਪ੍ਰਾਜੈਕਟ ਨੂੰ ਉਠਾਉਂਦਿਆਂ ਕਿਹਾ ਕਿ ਅੱਧਿਓਂ ਵੱਧ ਸ਼ਹਿਰ ਹਨੇਰੇ ’ਚ ਡੁੱਬਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਟਰੀਟ ਲਾਈਟਾਂ ਦੇ ਮਾਮਲੇ ’ਚ ਵੱਡੀ ਗੜਬੜ ਹੋਈ ਹੈ। ਮੇਅਰ ਜਗਦੀਸ਼ ਰਾਜਾ ਨੇ ਇਸ ਪ੍ਰਾਜੈਕਟ ਬਾਰੇ ਕਿਹਾ ਕਿ ਜਲਦੀ ਹੀ ਸਟਰੀਟ ਲਾਈਟਾਂ ਬਾਰੇ ਹਾਊਸ ਦੀ ਵਿਸ਼ੇਸ਼ ਮੀਟਿੰਗ ਸੱਦੀ ਜਾਵੇਗੀ ਜਿਸ ’ਚ ਸਿਰਫ ਸਟਰੀਟ ਲਾਈਟਾਂ ਨਾਲ ਸਬੰਧਤ ਸ਼ਿਕਾਇਤਾਂ ਤੇ ਮੁਸ਼ਕਿਲਾਂ ਹੀ ਸੁਣੀਆਂ ਜਾਣਗੀਆਂ। ਹੋਰ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਨ ਲਈ ਹਾਊਸ ਦੀ ਵੱਖਰੀ ਮੀਟਿੰਗ ਸੱਦੀ ਜਾਵੇਗੀ। ਮੀਟਿੰਗ ’ਚ ਚੋਣ ਜ਼ਾਬਤਾ ਲੱਗਣ ਕਾਰਨ ਕੀਤੇ ਗਏ ਕੰਮਾਂ ਨੂੰ ਪਾਸ ਕੀਤਾ ਗਿਆ। ਇਸ ’ਚ ਨਵੇਂ ਪ੍ਰਾਜੈਕਟ ਘੱਟ ਸਨ, ਸਿਰਫ ਪਹਿਲਾਂ ਕੀਤੇ ਗਏ ਕੰਮਾਂ ’ਤੇ ਹੀ ਮੋਹਰ ਲਾਈ ਗਈ।ਨਗਰ ਨਿਗਮ ਹਾਊਸ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਨਾਮਵਰ ਗਾਇਕ ਸਿੱਧੂ ਮੂਸੇਵਾਲਾ, ਦੀਪ ਸਿੱਧੂ ਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਵਿਚ ਹਾਜ਼ਰ ਸਾਰੇ ਕੌਂਸਲਰਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਇਨ੍ਹਾਂ ਵਿਛੜੀਆਂ ਰੂਹਾਂ ਨੂੰ ਯਾਦ ਕੀਤਾ।