ਪੱਤਰ ਪ੍ਰੇਰਕ
ਗੜ੍ਹਸ਼ੰਕਰ, 7 ਸਤੰਬਰ
ਸਿੰਜਾਈ, ਜਲ ਸਰੋਤ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਜਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਕਿ ਕੰਢੀ ਇਲਾਕੇ ਵਿੱਚ ਕੱਢੀ ਜਾ ਰਹੀ ਕੰਢੀ ਨਹਿਰ ਦਾ ਨਿਰਮਾਣ ਕਾਰਜ ਜਲਦੀ ਪੂਰਾ ਹੋ ਜਾਵੇਗਾ ਅਤੇ ਇਸ ਇਲਾਕੇ ਵਿੱਚ ਸਿੰਜਾਈ ਲਈ ਹੋਰ ਟਿਊਬਵੈੱਲ ਲਗਾਉਣ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਊਹ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੀ ਤਰਜ਼ਮਾਨ ਬੀਬੀ ਨਿਮਿਸ਼ਾ ਮਹਿਤਾ ਦੇ ਗ੍ਰਹਿ ਵਿਖੇ ਇਲਾਕੇ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਮੌਕੇ ਬੋਲ ਰਹੇ ਸਨ।
ਇਸ ਤੋਂ ਪਹਿਲਾਂ ਬੀਬੀ ਮਹਿਤਾ ਨੇ ਸਿੰਜਾਈ ਮੰਤਰੀ ਨੂੰ ਕੰਢੀ ਇਲਾਕੇ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਕੰਢੀ ਨਹਿਰ ਚਾਲੂ ਨਾ ਹੋਣ ਕਰ ਕੇ ਕਿਸਾਨ ਪ੍ਰੇਸ਼ਾਨ ਹਨ ਅਤੇ ਕਈ ਥਾਵਾਂ ’ਤੇ ਸਰਕਾਰੀ ਟਿਊਬਵੈੱਲ ਖ਼ਰਾਬ ਹੋ ਚੁੱਕੇ ਹਨ। ਇਸ ਮੌਕੇ ਸ੍ਰੀ ਸਰਕਾਰੀਆ ਨੇ ਕਿਹਾ ਕਿ ਕੰਢੀ ਨਹਿਰ ਦਾ ਰੁਕਿਆ ਕੰਮ ਜਲਦੀ ਪੂਰਾ ਕੀਤਾ ਜਾਵੇਗਾ ਅਤੇ ਇਲਾਕੇ ਵਿੱਚ ਮੀਂਹ ’ਤੇ ਆਧਾਰਤ ਖੇਤੀ ਵਾਸਤੇ ਸਿੰਜਾਈ ਲਈ ਡੂੰਘੇ ਟਿਊਬਵੈੱਲ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਬੀਬੀ ਮਹਿਤਾ ਵੱਲੋਂ ਪਹਿਲਾਂ ਤਿਆਰ ਕੀਤੇ ਗਏ ਪ੍ਰਸਤਾਵ ਅਨੁਸਾਰ ਗੜ੍ਹਸ਼ੰਕਰ ਤਹਿਸੀਲ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਆਉਂਦੀਆਂ ਖੱਡਾਂ ਤੇ ਚੋਆਂ ਨੂੰ ਸਾਫ਼ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਕੰਢੀ ਨਹਿਰ ਦੇ ਪਾਣੀ ਦੀ ਚੜ੍ਹਦੇ ਪਾਸੇ ਦੇ ਪਿੰਡਾਂ ਵੱਲ ਲਿਫ਼ਟਿੰਗ ਲਈ ਮੋਘੇ ਬਣਾਉਣ ਦੇ ਨਿਰਦੇਸ਼ ਵੀ ਦੇ ਦਿੱਤੇ ਗਏ ਹਨ। ਇਸ ਦੌਰਾਨ ਹਾਜ਼ਰ ਕਿਸਾਨਾਂ ਨੇ ਬੀਬੀ ਮਹਿਤਾ ਅਤੇ ਸ੍ਰੀ ਸੁੱਖ ਸਰਕਾਰੀਆ ਦਾ ਧੰਨਵਾਦ ਕੀਤਾ। ਇਸ ਮੌਕੇ ਆਰ.ਪੀ. ਸੋਨੀ, ਐੱਮਸੀ ਸੋਨੂੰ, ਐੱਮਸੀ ਰੀਟਾ, ਅਮਨਦੀਪ ਬੈਂਸ, ਸਰਪੰਚ ਕੁਲਵਿੰਦਰ ਕੌਰ, ਆਦਿ ਆਗੂ ਵੀ ਹਾਜ਼ਰ ਸਨ।