ਪਾਲ ਸਿੰਘ ਨੌਲੀ
ਜਲੰਧਰ, 11 ਅਕਤੂਬਰ
ਇਥੋਂ ਦੇ ਜੋਤੀ ਨਗਰ ਤੋਂ ਪੀਪੀਆਰ ਮਾਰਕੀਟ ਨੂੰ ਜਾਣ ਵਾਲੀ ਸੜਕ ਨੇੜੇ ਝੁੱਗੀਆਂ ਨੂੰ ਬਾਅਦ ਦੁਪਹਿਰ ਅੱਗ ਲੱਗ ਗਈ। ਕੂੜੇ ਦੇ ਢੇਰ ’ਤੇ ਡਿੱਗੀ ਚੰਗਿਆੜੀ ਨੇ ਨਾਲ ਲਗਦੀਆਂ 50-60 ਝੁੱਗੀਆਂ ਨੂੰ ਏਨੀ ਤੇਜ਼ੀ ਨਾਲ ਆਪਣੀ ਲਪੇਟ ਵਿਚ ਲਿਆ ਕਿ ਗਰੀਬਾਂ ਨੂੰ ਆਪਣਾ ਸਾਮਾਨ ਕੱਢਣ ਦਾ ਵੀ ਮੌਕਾ ਨਹੀਂ ਮਿਲਿਆ। ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਨ੍ਹਾਂ ਝੁੱਗੀਆਂ ਵਿਚ ਰਹਿੰਦੇ ਲੋਕ ਆਪਣੇ ਬੱਚਿਆਂ ਨੂੰ ਤੇ ਆਪਣੇ ਆਪ ਨੂੰ ਬਚਾਅ ਕੇ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਆਏ। ਝੁੱਗੀਆਂ ਵਿਚ ਰਹਿਣ ਵਾਲੇ ਬਹੁਤ ਸਾਰੇ ਲੋਕ ਕਬਾੜ ਦਾ ਕੰਮ ਕਰਦੇ ਹਨ। ਕਬਾੜ ਵਿਚ ਪਲਾਸਟਿਕ ਤੇ ਹੋਰ ਬਲਣਸ਼ੀਲ ਸਮਾਨ ਜ਼ਿਆਦਾ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਸੀ ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੂਚਨਾ ਮਿਲਣ ਦੇ ਬਾਵਜੂਦ ਵੀ ਜਦੋਂ ਪੌਣਾ ਘੰਟਾ ਦੇਰੀ ਨਾਲ ਪਹੁੰਚੀਆਂ ਤਾਂ ਉਨ੍ਹਾਂ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਭਾਰੀ ਮੁਸ਼ੱਕਤ ਕਰਨੀ ਪਈ। ਪਲਾਸਟਿਕ ਤੇ ਰਬੜ ਕਾਰਨ ਧੂੰਆਂ ਏਨਾ ਸੰਘਣਾ ਸੀ ਕਿ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਅੱਗ ਦੀਆਂ ਲਪਟਾਂ ਤੇ ਧੂੰਆਂ ਦੂਰ ਤੋਂ ਹੀ ਦਿਖਾਈ ਦੇ ਰਿਹਾ ਸੀ। ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਸੀ ਕਿ ਅੱਗ ਲੱਗਣ ਕਾਰਨ ਉਥੇ ਔਰਤਾਂ ਤੇ ਬੱਚੇ ਚੀਕ ਚਿਹਾੜਾ ਪਾ ਰਹੇ ਸਨ। ਝੁੱਗੀਆਂ ਵਿਚ ਪਏ ਦੋ ਰਸੋਈ ਗੈਸ ਦੇ ਸਿਲੰਡਰ ਵੀ ਫਟ ਗਏ। ਫਾਇਰ ਬ੍ਰਿਗੇਡ ਨੂੰ ਚਾਰ ਘੰਟਿਆਂ ਤੋਂ ਵੱਧ ਦਾ ਸਮਾਂ ਅੱਗ ’ਤੇ ਕਾਬੂ ਪਾਉਣ ’ਚ ਲੱਗਾ। ਆਲੇ ਦੁਆਲੇ ਦੇ ਲੋਕਾਂ ਦਾ ਕਹਿਣਾ ਸੀ ਕਿ ਅੱਗ ਲੱਗਣ ਦਾ ਮੁੱਖ ਕਾਰਨ ਉਥੇ ਲੱਗੇ ਗੰਦਗੀ ਦੇ ਢੇਰ ਸਨ, ਜਿਥੋਂ ਅੱਗ ਹੌਲੀ-ਹੌਲੀ ਫੈਲੀ ਤੇ ਉਸ ਨੇ ਝੁੱਗੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ।
‘ਪ੍ਰਦੂਸ਼ਣ ਬੋਰਡ ਦੀ ਅਣਗਹਿਲੀ ਕਾਰਨ ਵਾਪਰਿਆ ਹਾਦਸਾ’
ਚਸ਼ਮਦੀਦਾਂ ਦਾ ਕਹਿਣਾ ਸੀ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਮੇਂ ਸਿਰ ਕੂੜੇ ਦੇ ਢੇਰ ਚੁਕਾਉਣ ਵਿਚ ਆਪਣੀ ਜ਼ਿੰਮੇਵਾਰੀ ਨਿਭਾਈ ਹੁੰਦੀ ਤਾਂ ਅੱਜ ਏਨਾ ਵੱਡਾ ਹਾਦਸਾ ਨਾ ਵਾਪਰਦਾ। ਜ਼ਿਕਰਯੋਗ ਹੈ ਕਿ ਇਸੇ ਸਾਲ ਮਾਰਚ ਮਹੀਨੇ ਵਿਚ ਮਕਸੂਦਾਂ ਨੇੜੇ ਝੁੱਗੀਆਂ ਨੂੰ ਅੱਗ ਲੱਗੀ ਸੀ ਤੇ ਜੂਨ ਮਹੀਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੇੜਲੀਆਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਸਨ। ਹੁਣ ਜਲੰਧਰ ਸ਼ਹਿਰ ਵਿਚ ਇਹ ਵੱਡਾ ਭਿਆਨਕ ਹਾਦਸਾ ਵਾਪਰਿਆ ਹੈ।ਕੂੜੇ ਦੇ ਢੇਰ ਬਾਰੇ ਲੋਕਾਂ ਦਾ ਕਹਿਣਾ ਸੀ ਕਿ ਇਸ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਜ਼ਿੰਮੇਵਾਰ ਹਨ।