ਪੱਤਰ ਪ੍ਰੇਰਕ
ਆਦਮਪੁਰ ਦੋਆਬਾ(ਜਲੰਧਰ), 16 ਜੂਨ
ਇਲਾਕੇ ਵਿੱਚ ਬੀਤੀ ਰਾਤ ਚੱਲੇ ਤੇਜ਼ ਝੱਖੜ ਅਤੇ ਮੀਂਹ ਕਾਰਨ ਜਿਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਬਿਜਲੀ ਦੇ ਡਿੱਗੇ ਖੰਬਿਆਂ ਅਤੇ ਦਰੱਖਤਾਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਹੈ। ਅੱਜ ਸਵੇਰੇ ਵੇਲੇ ਪਏ ਮੀਂਹ ਕਾਰਨ ਤਾਪਮਾਨ ਵਿੱਚ ਥੋੜ੍ਹੀ ਗਿਰਾਵਟ ਆਈ ਹੈ। ਜਿਸ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਅੱਜ ਕਾਫੀ ਦਿਨਾਂ ਬਾਅਦ ਦੁਪਹਿਰ ਨੂੰ ਬਾਜ਼ਾਰਾਂ ਵਿੱਚ ਰੌਣਕ ਦੇਖਣ ਨੂੰ ਮਿਲੀ। ਪਰ ਬੀਤੀ ਰਾਤ ਆਏ ਤੇਜ਼ ਝੱਖੜ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਡਿੱਗੇ ਖੰਬਿਆਂ ਨੂੰ ਠੀਕ ਕਰਕੇ ਬਿਜਲੀ ਦੀ ਸਪਲਾਈ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧੀਰੋਵਾਲ, ਦੋਲਿਕੇ, ਧਾਲੀਵਲ, ਨਕੋਦਰ, ਮਹਿਤਪੁਰ ਤੇ ਹੋਰ ਪਿੰਡਾਂ ਵਿੱਚ ਕਈ ਥਾਵਾਂ ’ਤੇ ਦਰੱਖਤ ਡਿੱਗੇ ਪਏ ਹਨ। ਜਿਸ ਕਾਰਨ ਆਵਾਜਾਈ ’ਤੇ ਵੀ ਮਾੜਾ ਅਸਰ ਪਿਆ ਹੈ। ਕਈ ਥਾਵਾਂ ਤੋਂ ਰਾਹਗੀਰਾਂ ਵੱਲੋਂ ਸੜਕ ਤੋਂ ਦਰੱਖਤ ਸਾਈਡ ’ਤੇ ਕਰਵਾ ਕੇ ਆਵਾਜਾਈ ਨੂੰ ਬਹਾਲ ਕੀਤਾ ਗਿਆ ਹੈ। ਇਸੇ ਤਰ੍ਹਾਂ ਆਦਮਪੁਰ ਤੋਂ ਗੜ੍ਹਸ਼ਕਰ, ਭੋਗਪੁਰ ਨੂੰ ਜਾਂਦੀ ਸੜਕ ਵਿੱਚ ਕਾਫੀ ਥਾਵਾਂ ’ਤੇ ਦਰੱਖਤ ਡਿੱਗੇ ਹਨ ਅਤੇ ਚਰਨਜੀਤ ਸਿੰਘ ਆਦਿ ਕਿਸਾਨਾਂ ਦੇ ਖੇਤਾਂ ਵਿੱਚ ਖੰਬੇ ਡਿੱਗ ਜਾਣ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਦੇ ਕਰਮਚਾਰੀ ਦਿਨ ਰਾਤ ਇੱਕ ਕਰਕੇ ਟੁੱਟੀਆਂ ਤਾਰਾਂ ਅਤੇ ਡਿੱਗੇ ਖੰਬਿਆਂ ਨੂੰ ਠੀਕ ਕਰਕੇ ਬਿਜਲੀ ਸਪਲਾਈ ਸ਼ੁਰੂ ਕਰ ਰਹੇ ਹਨ।