ਲਾਜਵੰਤ ਸਿੰਘ
ਨਵਾਂ ਸ਼ਹਿਰ, 10 ਅਗਸਤ
ਪੰਜਾਬ ਦੀ ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ, ਕਿਰਤ, ਨਿਵੇਸ਼ ਪ੍ਰੋਤਸਾਹਨ ਅਤੇ ਸ਼ਿਕਾਇਤ ਨਿਵਾਰਣ ਵਿਭਾਗਾਂ ਦੇ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਮਾਨ ਸਰਕਾਰ ਲੋਕਾਂ ਦੀ ਆਸ ਮੁਤਾਬਕ ਪੰਜਾਬ ਦੀ ਫ਼ਿਜ਼ਾ ਨੂੰ ਬਦਲ ਕੇ ਨਵੀਂ ਤਸਵੀਰ ਪੇਸ਼ ਕਰਨ ਅਤੇ ਨਵੀਂ ਤਕਦੀਰ ਘੜਨ ਲਈ ਵਚਨਬੱਧ ਹੈ। ਇੱਥੇ ਜ਼ਿਲ੍ਹੇ ਦੇ ਮੰਤਰੀ ਪ੍ਰਭਾਰੀ ਵਜੋਂ ਆਪਣੀ ਪਲੇਠੀ ਜਾਇਜ਼ਾ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ ਲੋਕ ਹਿੱਤ ਵਿੱਚ ਫ਼ੈਸਲੇ ਲੈਣ ਲਈ ਪੂਰੀ ਤਰ੍ਹਾਂ ਸੁਤੰਤਰ ਹੈ ਪਰ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਹੋਵੇ। ਜੇਕਰ ਕੋਈ ਫ਼ੈਸਲਾ ਲੋਕ ਹਿੱਤਾਂ ਦੇ ਉਲਟ ਹੋਵੇਗਾ ਤਾਂ ਸਰਕਾਰ ਉਸ ਨੂੰ ਸਹਿਣ ਨਹੀਂ ਕਰੇਗੀ।
ਉਨ੍ਹਾਂ ਠੋਸ ਕੂੜੇ, ਪੀਣ ਵਾਲੇ ਪਾਣੀ ਅਤੇ ਸੀਵਰੇਜ ਨਾਲ ਜੁੜੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਸ ਆਸ ਤੇ ਉਮੀਦ ਨਾਲ ਸਰਕਾਰ ਚੁਣੀ ਹੈ, ਅਫ਼ਸਰਸ਼ਾਹੀ ਵੀ ਉਸੇ ਭਾਵਨਾ ’ਚ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝੇ ਅਤੇ ਹੱਲ ਕਰੇ। ਉਨ੍ਹਾਂ ਜ਼ਿਲ੍ਹੇ ਵੱਲੋਂ ਪ੍ਰਾਜੈਕਟਰ ਪੇਸ਼ਕਾਰੀ ਰਾਹੀਂ ਭਲਾਈ ਤੇ ਵਿਕਾਸ ਸਕੀਮਾਂ ਦੀ ਪ੍ਰਗਤੀ ਨੂੰ ਗਹੁ ਦੇਖਿਆ ’ਤੇ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਪਿੰਡਾਂ ਦੇ ਛੱਪੜਾਂ, ਗਲੀਆਂ, ਨਾਲੀਆਂ ਅਤੇ ਕੂੜੇ ਤੇ ਨਿਕਾਸੀ ਦੀ ਸਮੱਸਿਆ ਨੂੰ ਦੂਰ ਕਰਨ, ਪਾਰਕਾਂ ਬਣਾਉਣ, ਜ਼ਿਲ੍ਹੇ ਵਿੱਚ ਗਰਾਂਟਾਂ ਦੇ ਨਾਲ-ਨਾਲ ਮਨਰੇਗਾ ਫੰਡਾਂ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾ ਕੇ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਮਾਡਲ ਨੂੰ ਉਭਾਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਅਗਾਊਂ ਯੋਜਨਾ ਬਣਾਉਣ, ਚੁਣੇ ਨੁਮਾਇੰਦਿਆਂ ਨੂੰ ਮਾਣ-ਸਨਮਾਨ ਦੇਣ ਲਈ ਵੀ ਕਿਹਾ ਪਰ ਨਾਲ ਹੀ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਤੇ ਪਾਰਟੀ ਦੀ ਸਰਕਾਰ ਕਦੇ ਵੀ ਗਲਤ ਜਾਂ ਭ੍ਰਿਸ਼ਟ ਅਫ਼ਸਰ ਦੀ ਪੁਸ਼ਤ ਪਨਾਹੀ ਨਹੀਂ ਕਰੇਗੀ। ਮੀਟਿੰਗ ਵਿੱਚ ਵਿਧਾਇਕ ਸੰਤੋੋਸ਼ ਕੁਮਾਰੀ ਕਟਾਰੀਆ, ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ, ਐੱਸਐੱਸਪੀ ਭਾਗੀਰਥ ਸਿੰਘ ਮੀਣਾ, ਸੀਨੀਅਰ ਆਗੂ ਸਤਨਾਮ ਸਿੰਘ ਜਲਵਾਹਾ, ਲਲਿਤ ਮੋਹਨ ਪਾਠਕ, ਜ਼ਿਲ੍ਹਾ ਪ੍ਰਧਾਨ ਸ਼ਿਵ ਕਰਨ ਚੇਚੀ ਤੇ ਜਨਰਲ ਸਕੱਤਰ ਗਗਨ ਅਗਨੀਹੋਤਰੀ ਮੌਜੂਦ ਸਨ।