ਪੱਤਰ ਪ੍ਰੇਰਕ
ਹੁਸ਼ਿਆਰਪੁਰ, 2 ਦਸੰਬਰ
ਮਾਹਿਲਪੁਰ ਦੇ ਨਾਇਬ ਤਹਿਸੀਲਦਾਰ ਤੇ ਰਜਿਸਟਰੀ ਕਲਰਕ ਖਿਲਾਫ਼ ਵਿਜੀਲੈਂਸ ਬਿਉਰੋ ਵਲੋਂ ਕੀਤੀ ਕਾਰਵਾਈ ਦੇ ਰੋਸ ਵਜੋਂ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਤਹਿਸੀਲਾਂ ਦੇ ਸਟਾਫ਼ ਦੇ ਹੜਤਾਲ ’ਤੇ ਜਾਣ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵਲੋਂ ਇਸ ਵੱਲ ਧਿਆਨ ਨਾ ਦੇਣ ਕਾਰਨ ਦਫ਼ਤਰੀ ਕੰਮਕਾਜ ਠੱਪ ਹੋ ਕੇ ਰਹਿ ਗਿਆ ਹੈ। ਰਜਿਸਟਰੀਆਂ ਅਤੇ ਮਾਲ ਵਿਭਾਗ ਨਾਲ ਸਬੰਧਤ ਹੋਰ ਕੰਮ ਨਾ ਹੋਣ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ। 22 ਨਵੰਬਰ ਨੂੰ ਵਿਜੀਲੈਂਸ ਬਿਉਰੋ ਨੇ ਸਬ ਤਹਿਸੀਲ ਮਾਹਿਲਪੁਰ ਵਿਖੇ ਛਾਪਾਮਾਰੀ ਕਰਕੇ ਨਾਇਬ ਤਹਿਸੀਲਦਾਰ, ਰਜਿਸਟਰੀ ਕਲਰਕ, ਵਸੀਕਾ ਨਵੀਸ ਤੇ ਇਕ ਹੋਰ ਵਿਅਕਤੀ ਨੂੰ ਇਕ ਸ਼ਿਕਾਇਤ ਦੇ ਅਧਾਰ ’ਤੇ ਗ੍ਰਿਫ਼ਤਾਰ ਕਰ ਲਿਆ ਸੀ। ਤਹਿਸੀਲਦਾਰਾਂ ਅਤੇ ਨਾਇਬ ਸੀਲਦਾਰਾਂ ਦੇ ਨਾਲ-ਨਾਲ ਪਟਵਾਰੀ, ਕਾਨੂੰਗੋ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਸਟਾਫ਼ ਲਗਾਤਾਰ ਹੜਤਾਲ ’ਤੇ ਚੱਲ ਰਿਹਾ ਹੈ। ਕੰਮਕਾਜ ਠੱਪ ਹੋਣ ਕਾਰਨ ਜਨਤਾ ਤਾਂ ਪ੍ਰੇਸ਼ਾਨ ਹੈ ਹੀ, ਸਰਕਾਰ ਨੂੰ ਵੀ ਨੁਕਸਾਨ ਹੋ ਰਿਹਾ ਹੈ ਪਰ ਡੈਡ ਲਾਕ ਨੂੰ ਖਤਮ ਕਰਨ ਲਈ ਕੋਈ ਪਹਿਲਕਦਮੀ ਨਹੀਂ ਹੋ ਰਹੀ।