ਪੱਤਰ ਪ੍ਰੇਰਕ
ਫਗਵਾੜਾ, 11 ਅਕਤੂਬਰ
ਇੱਥੋਂ ਦੇ ਹੁਸ਼ਿਆਰਪੁਰ ਰੋਡ ’ਤੇ ਮੁਹੱਲਾ ਧਰਮਕੋਟ ਦੇ ਬਾਹਰ ਪਏ ਇੱਕ ਖੋਖੇ ਦਾ ਸਾਮਾਨ ਨਗਰ ਨਿਗਮ ਵੱਲੋਂ ਚੁੱਕ ਕੇ ਲਿਜਾਉਣ ’ਤੇ ਖੋਖੇ ਨੂੰ ਤੋੜਨ ਕਾਰਨ ਰੋਸ ’ਚ ਆਏ ਸਾਬਕਾ ਕੌਂਸਲਰ ਬੀਰਾ ਰਾਮ ਵਲਜੋਤ ਨੇ ਸਾਥੀਆਂ ਸਮੇਤ ਇਸ ਦਾ ਤਿੱਖਾ ਵਿਰੋਧ ਕੀਤਾ ਤੇ ਕੁੱਝ ਸਮੇਂ ਹੀ ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਸਾਥੀਆਂ ਸਮੇਤ ਬੈਠ ਕੇ ਧਰਨਾ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਨਿਗਮ ਵੱਲੋਂ ਇਹ ਕਾਰਵਾਈ ਸਿਰਫ਼ ਉਨ੍ਹਾਂ ’ਤੇ ਹੀ ਕੀਤੀ ਗਈ ਹੈ ਜਦਕਿ ਹੁਸ਼ਿਆਰਪੁਰ ਰੋਡ ’ਤੇ ਕਾਫ਼ੀ ਖੋਖੇ ਨਵੇਂ ਲੱਗੇ ਹਨ ਤੇ ਕਿਸੇ ਨੂੰ ਵੀ ਛੇੜਿਆ ਨਹੀਂ ਗਿਆ। ਇਸ ਸਬੰਧੀ ਨਗਰ ਨਿਗਮ ਦੇ ਸੂਪਰਡੈਂਟ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਸੜਕ ’ਤੇ ਨਾਜਾਇਜ ਖੋਖਾ ਰੱਖਿਆ ਗਿਆ ਸੀ ਜਿਸ ਦੀ ਸ਼ਿਕਾਇਤ ਨਗਰ ਨਿਗਮ ਕਮਿਸ਼ਨਰ ਪਾਸ ਪੁੱਜੀ ਸੀ ਅਤੇ ਅੱਜ ਕਾਰਵਾਈ ਕੀਤੀ ਗਈ ਹੈ। ਬਾਕੀ ਖੋਖਿਆ ਨੂੰ ਵੀ ਚੁੱਕਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।