ਪਾਲ ਸਿੰਘ ਨੌਲੀ
ਜਲੰਧਰ, 15 ਅਪਰੈਲ
ਮੌਸਮ ਵਿਭਾਗ ਵੱਲੋਂ ਆਉਂਦੇ ਦੋ ਦਿਨਾਂ ਵਿਚ ਬੱਦਲਵਾਈ ਰਹਿਣ ਅਤੇ ਹਨੇਰੀ-ਝੱਖੜ ਚੱਲਣ ਦੀ ਭਵਿੱਖਬਾਣੀ ਨੇ ਕਿਸਾਨਾਂ ਨੂੰ ਚਿੰਤਾ ’ਚ ਪਾ ਦਿੱਤਾ ਹੈ। ਹੁਣ ਜਦੋਂ ਕਣਕ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਤੇ ਵਾਢੀ ਪੂਰੇ ਜ਼ੋਰਾਂ ’ਤੇ ਚੱਲ ਰਹੀ ਹੈ ਤਾਂ ਇਸੇ ਦੌਰਾਨ ਮੌਸਮ ਖਰਾਬ ਹੋਣ ਦੀਆਂ ਖਬਰਾਂ ਨਾਲ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਪੱਕੀ ਹੋਈ ਫਸਲ ’ਤੇ ਹੁਣ ਇਕ ਬੂੰਦ ਵੀ ਡਿੱਗਣੀ ਨਹੀਂ ਚਾਹੀਦੀ ਕਿਉਂਕਿ ਪਹਿਲਾਂ ਹੀ ਕਰੋਨਾ ਦੇ ਚੱਲਦਿਆਂ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਜ਼ਿਲ੍ਹੇ ਵਿੱਚ ਹੁਣ ਤੱਕ 54,950 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵਲੋਂ 53,606 ਮੀਟ੍ਰਿਕ ਟਨ ਫਸਲ ਦੀ ਖਰੀਦ ਕੀਤੀ ਜਾ ਚੁੱਕੀ ਹੈ। ਕੋਵਿਡ-19 ਦੇ ਬਾਵਜੂਦ ਜ਼ਿਲ੍ਹੇ ਵਿੱਚ ਖ਼ਰੀਦ ਪ੍ਰਕਿਰਿਆ ਦਾ ਕੰਮ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦੀ ਵਚਨਬੱਧਤਾ ਨੂੰ ਦਹੁਰਾਉਂਦਿਆਂ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਮਹਾਂਮਾਰੀ ਤੋਂ ਬਚਾਅ ਲਈ ਜਿਥੇ ਮੰਡੀਆਂ ਵਿੱਚ ਕੀਟਾਣੂ ਨਾਸ਼ਕ ਦਵਾਈ ਦਾ ਨਿਯਮਿਤ ਤੌਰ ’ਤੇ ਛਿੜਕਾਅ ਕੀਤਾ ਜਾ ਰਿਹਾ ਹੈ ਉਥੇ ਸਮਾਜਿਕ ਦੂਰੀ ਸਮੇਤ ਹੋਰ ਸੁਰੱਖਿਆ ਸਾਵਧਾਨੀਆਂ ਦੀ ਪ
ਾਲਣਾ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ।