ਪੱਤਰ ਪ੍ਰੇਰਕ
ਹੁਸ਼ਿਆਰਪੁਰ, 19 ਜੁਲਾਈ
ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ, ਆਲ ਇੰਡੀਆ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਨੁਮਾਇੰਦਿਆਂ ਦੀ ਇਕ ਮੀਟਿੰਗ ਸਥਾਨਕ ਅਮਰ ਸ਼ਹੀਦ ਚੰਨਣ ਸਿੰਘ ਧੂਤ ਭਵਨ ਵਿਖੇ ਕਿਸਾਨ ਆਗੂ ਕਮਲਜੀਤ ਸਿੰਘ ਰਾਜਪੁਰ ਭਾਈਆਂ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮੱਟੂ, ਗੁਰਮੇਸ਼ ਸਿੰਘ ਅਤੇ ਮਹਿੰਦਰ ਕੁਮਾਰ ਬਢੋਆਣ ਨੇ ਕਿਹਾ ਕਿ ਦੇਸ਼ ਅੰਦਰ ਫਿਰਕਾਪ੍ਰਸਤ ਤਾਕਤਾਂ ਅਤੇ ਕਾਰਪੋਰੇਟਾਂ ਦਾ ਇਕ ਖਤਰਨਾਕ ਗਠਜੋੜ ਬਣ ਗਿਆ ਹੈ। ਦੇਸ਼ ਦਾ ਸੰਵਿਧਾਨ, ਦੇਸ਼ ਦੀ ਏਕਤਾ, ਅਖੰਡਤਾ, ਦੇਸ਼ ਦੀ ਅਜ਼ਾਦੀ ਅਤੇ ਦੇਸ਼ ਦੇ ਲੋਕਾਂ ਨੂੰ ਵੱਡਾ ਖਤਰਾ ਪੈਦਾ ਹੋ ਗਿਆ ਹੈ। ਇਸ ਵਿਰੁੱਧ ਇਕਜੁੱਟ ਹੋ ਕੇ ਤਿੱਖੇ ਸੰਘਰਸ਼ ਕੀਤੇ ਬਗੈਰ ਅੱਗੇ ਨਹੀਂ ਵਧਿਆ ਜਾ ਸਕਦਾ। ਉਨ੍ਹਾਂ ਵਰਕਰਾਂ ਨੂੰ 24 ਜੁਲਾਈ ਨੂੰ ਸਥਾਨਕ ਦਾਣਾ ਮੰਡੀ ਵਿਖੇ ਹੋ ਰਹੀ ਸੰਯੁਕਤ ਕਿਸਾਨ ਮੋਰਚੇ ਦੀ ਕਨਵੈਨਸ਼ਨ ਵਿਚ ਵਧ ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ। ਉਨ੍ਹਾਂ ਨੇ 31 ਜੁਲਾਈ ਨੂੰ ਫਗਵਾੜਾ ਤੇ ਚੋਲਾਂਗ ਵਿਖੇ ਰੇਲ ਰੋਕੋ ਅੰਦੋਲਨ ’ਚ ਵੀ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ 1 ਤੋਂ 14 ਅਗਸਤ ਤੱਕ ਪਿੰਡਾਂ ਵਿਚ ਜਨ ਜਾਗਰਣ ਮੁਹਿੰਮ ਚਲਾ ਕੇ 14 ਅਗਸਤ ਨੂੰ ਮਿੰਨੀ ਸਕੱਤਰੇਤ ਦੇ ਬਾਹਰ ਜਨ ਜਾਗਰਣ ਕੀਤਾ ਜਾਵੇਗਾ ਅਤੇ 15 ਅਗਸਤ ਨੂੰ ਸਵੇਰੇ 9 ਵਜੇ ਕੌਮੀ ਝੰਡਾ ਲਹਿਰਾਇਆ ਜਾਵੇਗਾ। ਉਨ੍ਹਾਂ ਪਾਰਟੀ ਵਰਕਰਾਂ ਨੂੰ ਪਹਿਲੀ ਅਗਸਤ ਨੂੰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਦਿੱਤੇ ਜਾ ਰਹੇ ਧਰਨੇ ਨੂੰ ਸਫ਼ਲ ਬਣਾਉਣ ਅਤੇ 8 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦੇ ਨਾਅਰੇ ਹੇਠ ਮਿੰਨੀ ਸਕੱਤਰੇਤ ਤੱਕ ਕੀਤੇ ਜਾ ਰਹੇ ਮਾਰਚ ’ਚ ਸ਼ਾਮਿਲ ਹੋਣ ਲਈ ਵੀ ਕਿਹਾ। ਇਸ ਮੌਕੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹੇ ਦੀ ਤਾਲਮੇਲ ਕਮੇਟੀ ਦੀ ਚੋਣ ਵੀ ਕੀਤੀ ਗਈ। ਮੀਟਿੰਗ ਵਿਚ ਮਹਿੰਦਰ ਸਿੰਘ ਭੀਲੋਵਾਲ, ਹਰਬੰਸ ਸਿੰਘ ਧੂਤ, ਜੋਗਿੰਦਰ ਸਿੰਘ ਭੱਟੀ, ਮਨਜੀਤ ਸਿੰਘ ਲਹਿਲੀ, ਮੋਨੂੰ ਮੇਹਟੀਆਣਾ, ਗੁਰਮੀਤ ਕਾਣੇ, ਸ਼ੇਰ ਜੰਗ ਬਹਾਦੁਰ ਸਿੰਘ, ਹੰਸ ਰਾਜ ਕੈਂਡੋਵਾਲ ਆਦਿ ਸ਼ਾਮਿਲ ਸਨ।