ਪੱਤਰ ਪ੍ਰੇਰਕ
ਮੁਕੇਰੀਆਂ, 16 ਸਤੰਬਰ
ਪਿੰਡ ਪੰਡੋਰੀ ਅਟਵਾਲ ਦੇ ਕਿਸਾਨ ਨੇ ਆਪਣੀ ਚੀਨੀ ਵਾਇਰਸ ਕਾਰਨ ਤਬਾਹ ਹੋਈ 5 ਏਕੜ ਫਸਲ ਵਾਹ ਦਿੱਤੀ। ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਨੇ ਪੀੜਤ ਕਿਸਾਨ ਨੂੰ ਸਰਕਾਰ ਵੱਲੋਂ ਉੱਚਿਤ ਮੁਆਵਜ਼ਾ ਦੇਣ ਤੇ ਸੂਬੇ ਦੇ ਸਮੁੱਚੇ ਅਜਿਹੇ ਕਿਸਾਨਾਂ ਦੀ ਬਾਂਹ ਫੜਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਕਿਸਾਨਾਂ ਨੁੰ ਤਬਾਹ ਹੋਣ ਤੋਂ ਨਾ ਰੋਕਿਆ ਤਾਂ ਕਿਸਾਨ ਕਮੇਟੀ ਸੰਘਰਸ਼ ਵਿੱਢੇਗੀ। ਫਸਲ ਵਾਹੁਣ ਮੌਕੇ ਪਿੰਡ ਪੰਡੋਰੀ ਅਟਵਾਲ ਦੇ ਕਿਸਾਨ ਸਤਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਪਿੰਡ ਪੰਡੋਰੀ ਅਟਵਾਲ ਦੀ ਪੰਚਾਇਤ ਪਾਸੋਂ 5 ਏਕੜ ਜ਼ਮੀਨ ਠੇਕੇ ਉੱਤੇ ਲਈ ਸੀ। ਇਸ ਜ਼ਮੀਨ ’ਤੇ ਉਸਨੇ ਝੋਨਾ ਲਗਾਇਆ ਹੋਇਆ ਸੀ, ਪਰ ਚੀਨੀ ਵਾਇਰਸ ਕਾਰਨ ਫਸਲ ਦਾ ਵਾਧਾ ਨਾ ਹੋਣ ਕਾਰਨ ਉਸਨੂੰ ਆਪਣੀ ਸਾਰੀ ਫਸਲ ਵਾਹੁਣੀ ਪਈ ਹੈ। ਇਸ ਮੌਕੇ ਖੇਤ ਦਾ ਜਾਇਜ਼ਾ ਲੈਣ ਆਏ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਕਿਸਾਨ ਦੇ ਹੋਏ ਕਰੀਬ ਢਾਈ ਲੱਖ ਦੇ ਨੁਕਸਾਨ ਦੀ ਭਰਪਾਈ ਕਿਵੇਂ ਹੋਵੇਗੀ। ਹਰ ਵਾਰ ਫ਼ਸਲਾਂ ਦੀ ਬਰਬਾਦੀ ਦੀ ਮਾਰ ਹੇਠ ਆਏ ਕਿਸਾਨ ਕਰਜ਼ਾਈ ਹੁੰਦੇ ਆ ਰਹੇ ਹਨ। ਆਗੂ ਨੇ ਕਿਹਾ ਕਿ ਇਹ ਇੱਕ ਕਿਸਾਨ ਦੀ ਹੋਣੀ ਨਹੀਂ ਬਲਕਿ ਸੂਬੇ ਭਰ ਅੰਦਰ ਹੀ ਅਜਿਹਾ ਹੋਣ ਕਾਰਨ ਕਿਸਾਨੀ ਤਬਾਹ ਹੋਣ ਦੀ ਕਗਾਰ ’ਤੇ ਪੁੱਜ ਚੁੱਕੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਮੁਆਵਜਾ ਦੇਣ ਵਿਚ ਸਬੰਧਤ ਵਿਭਾਗ ਅਤੇ ਸਰਕਾਰ ਵੱਲੋਂ ਦੇਰੀ ਕੀਤੀ ਗਈ ਤਾਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾਵੇਗਾ।