ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਜੂਨ
ਇੱਥੋਂ ਦੇ ਕਰੋਲ ਬਾਗ ਇਲਾਕੇ ’ਚ ਰਹਿੰਦੇ ਪਰਿਵਾਰ ਨੂੰ ਆਨਲਾਈਨ ਪੀਜ਼ਾ ਮੰਗਵਾਉਣਾ ਮਹਿੰਗਾ ਪਿਆ ਜਦੋਂ ਉਨ੍ਹਾਂ ਦੇ ਖਾਤੇ ਵਿੱਚੋਂ 23 ਹਜ਼ਾਰ ਰੁਪਏ ਨਿਕਲ ਗਏ।
ਪੀੜਤ ਪਰਿਵਾਰ ਵਿੱਚੋਂ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਸ੍ਰਿਸ਼ਟੀ ਐਪ ਤੋਂ ਪੀਜ਼ਾ ਆਰਡਰ ਕੀਤਾ ਸੀ। ਰਾਤ ਹੋਣ ਕਾਰਨ ਕੰਪਨੀ ਨੇ ਆਰਡਰ ਨਹੀਂ ਚੁੱਕਿਆ ਅਤੇ ਉਸ ਦੇ ਖਾਤੇ ਵਿੱਚੋਂ 1026 ਰੁਪਏ ਕੱਟ ਲਏ।
ਸਵੇਰ ਨੂੰ ਜਦੋਂ ਸਵਿਗੀ ਕੰਪਨੀ ਦੇ ਹੈਲਪਲਾਈਨ ਨੰਬਰ ’ਤੇ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਪੈਸੇ ਰਿਫੰਡ ਕਰ ਦੇਣਗੇ। ਉਸ ਤੋਂ ਬਾਅਦ ਉਨ੍ਹਾਂ ਦਾ ਯੂਨੀਅਨ ਬੈਂਕ ਦੀ ਬ੍ਰਾਂਚ ਵਿਚ ਖਾਤਾ ਸੀ, ਜਿਸ ਵਿੱਚੋਂ 10 ਹਜ਼ਾਰ ਰੁਪਏ ਉਨ੍ਹਾਂ ਨੇ ਫਿਰ ਕਢਵਾ ਲਏ। ਜਦੋਂ ਉਨ੍ਹਾਂ ਨੂੰ ਰਿਫੰਡ ਕਰਨ ਲਈ ਕਿਹਾ ਤਾਂ ਉਹ ਕਹਿਣ ਲੱਗੇ ਕਿ ਪੈਸੇ ਰਿਫੰਡ ਨਹੀਂ ਹੋ ਰਹੇ, ਕਿਸੇ ਹੋਰ ਬੈਂਕ ਦਾ ਖਾਤਾ ਦੱਸਿਆ ਜਾਵੇ।
ਮਨਪ੍ਰੀਤ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣੇ ਪਤੀ ਦਾ ਫੋਨ ਨੰਬਰ ਦਿੱਤਾ ਤੇ ਕੰਪਨੀ ਨੇ ਉਨ੍ਹਾਂ ਕੋਲੋਂ ਬੈਂਕ ਦਾ ਖਾਤਾ ਨੰਬਰ ਪੁੱਛਿਆ ਤਾਂ ਉਸ ਵਿੱਚੋਂ ਵੀ 12 ਹਜ਼ਾਰ ਰੁਪਏ ਕੱਢ ਲਏ। ਉਨ੍ਹਾਂ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨਾਲ ਵੱਜੀ ਠੱਗੀ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਫੜਿਆ ਜਾਵੇ।
ਮਨਪ੍ਰੀਤ ਕੌਰ ਨੇ ਦੱਸਿਆ ਕਿ ਹੁਣ ਉਹ ਜਦੋਂ ਉਨ੍ਹਾਂ ਨੂੰ ਫੋਨ ਕਰਦੇ ਹਨ ਤਾਂ ਕੋਈ ਨਾ ਕੋਈ ਲਾਰਾ ਲਾਈ ਜਾ ਰਹੇ ਹਨ। ਸਗੋਂ ਉਨ੍ਹਾਂ ਕੋਲੋਂ ਹੁਣ ਉਹ ਪੈਨ ਕਾਰਡ ਤੇ ਆਧਾਰ ਕਾਰਡ ਦੀ ਕਾਪੀ ਵੀ ਮੰਗ ਰਹੇ ਹਨ।
ਉਧਰ ਪੁਲੀਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ਨੂੰ ਸਾਈਬਰ ਬ੍ਰਾਂਚ ਕੋਲ ਭੇਜ ਦਿੱਤੀ ਅਤੇ ਉਨ੍ਹਾਂ ਨੂੰ ਦੋਸ਼ੀਆਂ ਦੀ ਪੈੜ ਨੱਪਣ ਵਾਸਤੇ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।