ਜੇਬੀ ਸੇਖੋਂ
ਗੜ੍ਹਸ਼ੰਕਰ, 9 ਜਨਵਰੀ
ਪਿਛਲੇ ਤਿੰਨ ਦਿਨ ਤੋਂ ਪੈ ਰਹੇ ਭਾਰੀ ਮੀਂਂਹ ਤੋਂ ਬਾਅਦ ਅੱਜ ਹਲਕੀ ਧੁੱਪ ਨਿਕਲਣ ’ਤੇ ਜਿੱਥੇ ਇਲਾਕਾ ਵਾਸੀਆਂ ਨੇ ਕੁਝ ਰਾਹਤ ਮਹਿਸੂਸ ਕੀਤੀ ਉੱਥੇ ਹੀ ਵਾਤਾਵਰਣ ਦੇ ਸਾਫ ਹੋਣ ਨਾਲ ਗੜ੍ਹਸ਼ੰਕਰ ਦੇ ਨੀਮ ਪਹਾੜੀ ਇਲਾਕੇ ਤੋਂ ਹਿਮਾਚਲ ਪ੍ਰਦੇਸ਼ ਦੀਆਂ ਧੌਲਾਧਾਰ ਪਹਾੜੀਆਂ ਦੀ ਰੇਂਜ ਸਪੱਸ਼ਟ ਦਿਖਾਈ ਦਿੱਤੀ। ਇਸ ਨਜ਼ਾਰੇ ਨੂੰ ਲੋਕਾਂ ਨੇ ਘਰ ਬੈਠੇ ਹੀ ਬਰਫਾਂ ਲੱਦੀਆਂ ਧੌਲਾਧਾਰ ਪਹਾੜੀਆਂ ਦੇ ਦਰਸ਼ਨ ਕਰਵਾ ਦਿੱਤੇ। ਦੱਸਣਯੋਗ ਹੈ ਕਿ ਗੜ੍ਹਸ਼ੰਕਰ ਬਲਾਕ ਦੇ ਪਿੰਡਾਂ ਤੋਂ ਲਗਪਗ ਪੰਝੀ ਤੀਹ ਸਾਲ ਪਹਿਲਾਂ ਧੌਲਾਧਾਰ ਪਹਾੜਾਂ ਦੇ ਦਰਸ਼ਨ ਆਮ ਹੋ ਜਾਂਦੇ ਸਨ ਅਤੇ ਬਰਫਾਂ ਲੱਦੇ ਇਹ ਪਹਾੜ ਲੋਕਾਂ ਲਈ ਖਾਸ ਖਿੱਚ ਦਾ ਕਾਰਨ ਬਣੇ ਰਹਿੰਦੇ ਸਨ ਪਰ ਵੱਧਦੇ ਪ੍ਰਦੂਸ਼ਣ ਕਾਰਨ ਹਿਮਾਚਲ ਪ੍ਰਦੇਸ਼ ਦੇ ਇਹ ਆਕਾਸ਼ ਛੂੰਹਦੇ ਪਹਾੜ ਅੱਖਾਂ ਤੋਂ ਉਹਲੇ ਹੁੰਦੇ ਰਹੇ। ਕਰੋਨਾ ਦੇ ਦੌਰ ਵਿੱਚ ਵੀ ਆਵਾਜਾਈ ਦੇ ਸਾਧਨ ਬੰਦ ਹੋਣ, ਉਦਯੋਗਾਂ ਦੇ ਠੱਪ ਹੋਣ ਅਤੇ ਵਾਤਾਵਰਣ ਦੀ ਹੋਈ ਸ਼ੁੱਧਤਾ ਨਾਲ ਧੌਲਾਧਾਰ ਦੇ ਪਹਾੜ ਹੁਸ਼ਿਆਰਪੁਰ ਦੇ ਨਾਲ ਨਾਲ ਜਲੰਧਰ ਅਤੇ ਲੁਧਿਆਣੇ ਤੋਂ ਵੀ ਸਾਫ ਦਿਖਣ ਲੱਗ ਪਏ ਸਨ। ਹੁਣ ਇਹ ਨਜ਼ਾਰਾ ਪਿਛਲੇ ਦਿਨਾਂ ਦੌਰਾਨ ਪਏ ਭਾਰੀ ਮੀਂਹ ਤੋਂ ਬਾਅਦ ਅੱਜ ਦੇਖਣ ਨੂੰ ਮਿਲਿਆ ਜਿਸ ਨੂੰ ਇਲਾਕੇ ਦੇ ਲੋਕਾਂ ਨੇ ਆਪਣੇ ਮੋਬਾਈਲਾਂ ਵਿੱਚ ਕੈਦ ਕਰ ਲਿਆ। ਵਾਤਾਵਰਣ ਪ੍ਰੇਮੀ ਅਤੇ ਲੇਖਕ ਵਿਜੇ ਬੰਬੇਲੀ ਨੇ ਕਿਹਾ ਕਿ ਮਨੁੱਖ ਨੇ ਕੁਦਰਤੀ ਵਸੀਲਿਆਂ ਨੂੰ ਉਜਾੜ ਕੇ ਵਿਕਾਸ ਕਰਨ ਦੀ ਜਿਹੜੀ ਲੀਹ ਪਾਈ ਹੈ ਉਹ ਨੁਕਸਾਨਦੇਹ ਹੈ। ਉਨ੍ਹਾਂ ਕਿਹਾ ਕਿ ਧੌਲਾਧਾਰ ਪਹਾੜਾਂ ਵਾਂਗ ਪੰਜਾਬ ਦੇ ਸ਼ਿਵਾਲਕ ਪਹਾੜ ਵੀ ਪੰਜਾਬ ਦੇ ਖਿੱਤੇ ਦੀਆਂ ਵਾਤਾਵਰਣ ਸਬੰਧੀ ਚੁਣੌਤੀਆਂ ਨੂੰ ਖਤਮ ਕਰ ਸਕਦੇ ਹਨ ਜਿਸਦੇ ਲਈ ਇਨ੍ਹਾਂ ਪਹਾੜਾਂ, ਜੰਗਲਾਂ ਅਤੇ ਕੁਦਰਤੀ ਵਸੀਲਿਆਂ ਨੂੰ ਸਾਂਭਣ ਦੀ ਵੱਡੀ ਲੋੜ ਹੈ।