ਪੱਤਰ ਪ੍ਰੇਰਕ
ਫਗਵਾੜਾ, 7 ਸਤੰਬਰ
ਇੱਥੋਂ ਦੀ ਸ਼ੂਗਰ ਮਿੱਲ ਕਲੋਨੀ ਦੀ ਬਿਜਲੀ ਦੇ ਬਕਾਇਆ ਬਿੱਲ ਕਰੀਬ 45 ਲੱਖ ਰੁਪਏ ਦੀ ਅਦਾਇਗੀ ਨਾ ਹੋਣ ਕਾਰਨ ਅੱਜ ਬਿਜਲੀ ਵਿਭਾਗ ਵੱਲੋਂ ਸ਼ੂਗਰ ਮਿੱਲ ਕਲੋਨੀ ਦਾ ਬਿਜਲੀ ਕੁਨੈਕਸ਼ਨ ਵਿਭਾਗ ਵੱਲੋਂ ਦੁਪਹਿਰ ਕਰੀਬ 3.30 ਵਜੇ ਕੱਟ ਦਿੱਤਾ ਗਿਆ ਜਿਸ ਤੋਂ ਬਾਅਦ ਕਲੋਨੀ ਦੇ ਮੁਲਾਜ਼ਮ ਇਕੱਠੇ ਹੋ ਕੇ ਐੱਸਡੀਐੱਮ ਫਗਵਾੜਾ ਕੋਲ ਪੁੱਜੇ ਤੇ ਸਮੱਸਿਆ ਦੇ ਹੱਲ ਦੀ ਮੰਗ ਕੀਤੀ। ਇਸ ਮੌਕੇ ਕਲੋਨੀ ਵਾਸੀ ਸੁਖਦੇਵ ਸਿੰਘ ਨੇ ਦੱਸਿਆ ਕਿ ਮਿੱਲ ਦੀ ਮਾੜੀ ਹਾਲਤ ਕਾਰਨ ਮਿੱਲ ਮਾਲਕਾਂ ਵੱਲੋਂ ਉਨ੍ਹਾਂ ਦੀਆਂ ਤਨਖਾਹਾਂ ਵੀ ਕਾਫ਼ੀ ਕੱਟ ਕੇ ਭੇਜੀਆਂ ਜਾ ਰਹੀਆਂ ਹਨ ਤੇ ਬਿਜਲੀ ਦਾ ਬਿੱਲ ਹਰ ਮਹੀਨੇ ਉਨ੍ਹਾਂ ਦੀ ਤਨਖਾਹ ’ਚੋਂ ਕੱਟਿਆ ਜਾਂਦਾ ਹੈ ਪਰ ਮਿੱਲ ਵੱਲੋਂ ਬਿਜਲੀ ਦਾ ਬਕਾਇਆ ਬਿੱਲ ਜਮ੍ਹਾਂ ਨਹੀਂ ਕਰਵਾਇਆ ਗਿਆ ਜਿਸ ਕਾਰਨ ਵਿਭਾਗ ਨੇ ਉਨ੍ਹਾਂ ਦੀ ਬਿਜਲੀ ਕੱਟ ਦਿੱਤੀ ਹੈ ਜਿਸ ਦਾ ਖਮਿਆਜਾ ਹੁਣ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਲੋਨੀ ਅੰਦਰ ਕਰੀਬ 150 ਕੁਆਰਟਰ ਹਨ ਜਿਨ੍ਹਾਂ ’ਚ 600 ਦੇ ਕਰੀਬ ਮੁਲਾਜ਼ਮ ਰਹਿੰਦੇ ਹਨ। ਮੌਕੇ ’ਤੇ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਵੀ ਪੁੱਜੇ ਤੇ ਕਲੋਨੀ ਵਾਸੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਇਹ ਮਾਮਲਾ ਡਾਇਰੈਕਟਰ ਖੇਤੀਬਾੜੀ ਵਿਭਾਗ ਦੇ ਧਿਆਨ ’ਚ ਲਿਆਂਦਾ।
ਇਸ ਦੌਰਾਨ ਕਲੋਨੀ ਵਾਸੀਆਂ ਦੀ ਸਮੱਸਿਆ ਨੂੰ ਦੇਖਦੇ ਹੋਏ ਐੱਸਡੀਐੱਮ ਫਗਵਾੜਾ ਸਤਵੰਤ ਸਿੰਘ ਵੱਲੋਂ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਬਿਜਲੀ ਬੋਰਡ ਦੇ ਚੇਅਰਮੈਨ ਨਾਲ ਗੱਲਬਾਤ ਤੋਂ ਬਾਅਦ ਕਲੋਨੀ ਦਾ ਕੁਨੈਕਸ਼ਨ ਨੂੰ ਮੁੜ 7 ਵਜੇ ਚਾਲੂ ਕਰਵਾ ਦਿੱਤਾ ਗਿਆ ਹੈ। ਬਿਜਲੀ ਬੋਰਡ ਦੇ ਐਕਸੀਅਨ ਰਜਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਲਦ ਭੁਗਤਾਨ ਦੇ ਭਰੋਸੇ ਮਗਰੋਂ ਕੁਨੈਕਸ਼ਨ ਚਾਲੂ ਕਰਵਾਇਆ ਗਿਆ ਹੈ।