ਜੇ.ਬੀ.ਸੇਖੋਂ
ਗੜ੍ਹਸ਼ੰਕਰ, 8 ਫਰਵਰੀ
ਇਥੇ ਤਹਿਸੀਲ ਦੇ ਪਿੰਡਾਂ ਵਿੱਚੋਂ ਲੰਘਦੇ ਨਵਾਂਸ਼ਹਿਰ-ਜੇਜੋਂ ਰੇਲਵੇ ਰੂਟ ’ਤੇ ਪੈਂਦੇ ਪਿੰਡਾਂ ਬਸਿਆਲਾ, ਰਸੂਲਪੁਰ, ਬਕਾਪੁਰ, ਦੇਨੋਵਾਲ ਆਦਿ ਦੇ ਵਸਨੀਕਾਂ ਵੱਲੋਂ ਰੇਲਵੇ ਵਿਭਾਗ ਵੱਲੋਂ ਬੰਦ ਕੀਤੇ ਰੇਲਵੇ ਫਾਟਕ ਨੂੰ ਖੋਲ੍ਹਣ ਦੀ ਮੰਗ ਨੂੰ ਲੈ ਕੇ ਦਿੱਤਾ ਜਾ ਰਿਹਾ ਨਿਰਵਿਘਨ ਰੋਸ ਧਰਨਾ ਅੱਜ ਦੂਜੇ ਦਿਨ ਵਿੱਚ ਦਾਖਲ ਹੋ ਗਿਆ। ਅੱਜ ਇਸ ਮੌਕੇ ਹਾਜ਼ਰ ਬੁਲਾਰਿਆਂ ਨੇ ਚੋਣ ਪ੍ਰਚਾਰ ਕਰਦਿਆਂ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿੱਥੇ ਉਨ੍ਹਾਂ ਦੀ ਇਹ ਮੰਗ ਪੂਰੀ ਕਰਨ ਲਈ ਸਮਰਥਨ ਦੀ ਅਪੀਲ ਕੀਤੀ ਉੱਥੇ ਹੀ ਫਾਟਕ ਖੋਲ੍ਹਣ ਦੀ ਮੰਗ ਪੂਰੀ ਨਾ ਹੋਣ ’ਤੇ ਆਉਣ ਵਾਲੀਆਂ ਚੋਣਾਂ ਦਾ ਬਾਈਕਾਟ ਕਰਨ ਦਾ ਸੱਦਾ ਵੀ ਦਿੱਤਾ। ਪਿੰਡਾਂ ਦੇ ਵਸਨੀਕਾਂ ਦੇ ਇਸ ਫੈਸਲੇ ਨਾਲ ਗੜ੍ਹਸ਼ੰਕਰ ਹਲਕੇ ਦੇ ਇਨ੍ਹਾਂ ਪਿੰਡਾਂ ’ਚ ਉਮੀਦਵਾਰਾਂ ਵੱਲੋਂ ਚਲਾਏ ਜਾ ਰਹੇ ਚੋਣ ਪ੍ਰਚਾਰ ਸਬੰਧੀ ਮੁਸ਼ਕਿਲਾਂ ਪੈਦਾ ਹੋ ਗਈਆਂ ਹਨ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕਰੀਬ ਦੋ ਸਾਲ ਪਹਿਲਾਂ ਰੇਲਵੇ ਵਿਭਾਗ ਨੇ ਨਵਾਂਸ਼ਹਿਰ-ਜੇਜੋਂ ਰੇਲਵੇ ਰੂਟ ’ਤੇ ਸਥਿਤ ਕਈ ਮਾਨਵ ਰਹਿਤ ਰੇਲਵੇ ਫਾਟਕ ਬੰਦ ਕਰਕੇ ਇਸ ਟਰੈਕ ਦੇ ਨਾਲ ਨਾਲ ਸਰਵਿਸ ਰੋਡ ਬਣਾ ਦਿੱਤੀ ਸੀ ਜਿਸਦਾ ਸਬੰਧਤ ਪਿੰਡਾਂ ਦੇ ਵਸਨੀਕਾਂ ਨੇ ਤਿੱਖਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਵਿਭਾਗ ਨੇ ਇੱਥੇ ਮਾਨਵ ਯੁਕਤ ਰੇਲਵੇ ਫਾਟਕ ਬਣਾਉਣ ਦੀ ਥਾਂ ਇਸ ਫਾਟਕ ਨੂੰ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਸੀ ਜਿਸ ਕਰਕੇ ਕਰੀਬ ਛੇ ਪਿੰਡਾਂ ਦੇ ਵਸਨੀਕਾਂ ਨੂੰ ਆਪਣੇ ਖੇਤਾਂ ਵਿੱਚ ਜਾਣਾ ਵੀ ਮੁਸ਼ਕਿਲ ਹੋ ਗਿਆ ਹੈ। ਇਸ ਮੌਕੇ ਸਰਪੰਚ ਹਰਦੇਵ ਸਿੰਘ ਨੇ ਕਿਹਾ ਕਿ ਚਾਰ ਪਿੰਡਾਂ ਦੇ ਵਸਨੀਕ ਜਿਹੜੀ ਵੀ ਪਾਰਟੀ ਨੂੰ ਸਮਰਥਨ ਕਰਨਗੇ ਉਹ ਫਾਟਕ ਖੋਲ੍ਹਣ ਦੇ ਮੁੱਦੇ ’ਤੇ ਇਕ ਹਨ ਤੇ ਫਾਟਕ ਨਾ ਖੁੱਲ੍ਹਣ ’ਤੇ ਚੋਣਾਂ ਦੇ ਮੁਕੰਮਲ ਬਾਈਕਾਟ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ।
ਦੱਸਣਾਯੋਗ ਹੈ ਕਿ ਇਸ ਮਸਲੇ ’ਤੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਧਰਨੇ ਵਾਲੀ ਥਾਂ ’ਤੇ ਜਾ ਕੇ ਬੇਸ਼ੱਕ ਧਰਨਾਕਾਰੀ ਲੋਕਾਂ ਨੂੰ ਸਮਰਥਨ ਦੇਣ ਦਾ ਭਰੋਸਾ ਦੇ ਰਹੇ ਹਨ ਪਰ ਇਸ ਮਸਲੇ ਦੇ ਹਕੀਕੀ ਹੱਲ ਪ੍ਰਤੀ ਕੀ ਕਦਮ ਉਠਾਉਣਗੇ, ਇਹ ਸਵਾਲ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।