ਭਗਵਾਨ ਦਾਸ ਸੰਦਲ
ਦਸੂਹਾ, 3 ਜੁਲਾਈ
ਪੰਜਾਬ ਦੀ ਸਭ ਤੋਂ ਵੱਡੀ ਤਹਿਸੀਲ ਤੇ ਇਤਿਹਾਸਕ ਸਬ ਡਿਵੀਜ਼ਨ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੇ ਮੁੜ ਜ਼ੋਰ ਫੜਨ ਲੱਗੀ ਹੈ। ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਅਤੇ ਹਲਕਾ ਦਸੂਹਾ ਤੋਂ ਐਡਵੋਕੇਟ ਕਰਮਬੀਰ ਘੁੰਮਣ ਦੀ ਸ਼ਾਨਦਾਰ ਜਿੱਤ ਮਗਰੋਂ ਦਸੂਹਾ ਦੇ ਜ਼ਿਲ੍ਹਾ ਬਣਨ ਦੇ ਅਸਾਰ ਨਜ਼ਰ ਆਉਣ ਲੱਗੇ ਹਨ। ਇਲਾਕੇ ਦੀਆਂ ਸਮਾਜਿਕ ਜੱਥੇਬੰਦੀਆਂ ਵੱਲੋਂ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਸਰਕਾਰੇ ਦਰਬਾਰੇ ਪਹੁੰਚਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ । ਦੂਜੇ ਪਾਸੇ, ਹਲਕਾ ਵਿਧਾਇਕ ਸ੍ਰੀ ਘੁੰਮਣ ਵੱਲੋਂ ਵੀ ਦਸੂਹਾ ਵਾਸੀਆਂ ਦੀ ਚਿਰੌਕਣੀ ਮੰਗ ਦੀ ਖੁੱਲ੍ਹ ਕੇ ਹਮਾਇਤ ਕੀਤੀ ਜਾ ਰਹੀ ਹੈ। ਵਿਧਾਇਕ ਨੇ ਲੰਘੇ ਵਿਧਾਨ ਸਭਾ ਸ਼ੈਸ਼ਨ ਵਿੱਚ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਤਰਕ ਸਹਿਤ ਉਭਾਰਦਿਆਂ ਕਿਹਾ ਕਿ ਪਾਂਡਵਾਂ ਤੇ ਛੇਵੀਂ ਪਾਤਸ਼ਾਹੀ ਸ੍ਰੀ ਹਰਿਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਦਸੂਹਾ ਸ਼ਹਿਰ ਜਲੰਧਰ-ਪਠਾਨਕੋਟ ਕੌਮੀ ਸ਼ਾਹਰਾਹ ’ਤੇ ਸਥਿਤ ਹੈ । ਜਿਸ ਦੇ ਅਧੀਨ ਕਰੀਬ 270 ਪਿੰਡ ਆਉਂਦੇ ਹਨ । ਹਲਕੇ ਦੇ ਕਈ ਪਿੰਡਾਂ ਤੇ ਕਸਬਿਆਂ ਤੋਂ ਲੋਕਾਂ ਨੂੰ ਆਪਣੇ ਦਫਤਰੀ ਕੰਮ ਕਰਵਾਉਣ ਲਈ 100 ਕਿਲੋਮੀਟਰ ਦਾ ਸਫਰ ਤੈਅ ਕਰਕੇ ਹੁਸ਼ਿਆਰਪੁਰ ਜਾਣਾ ਪੈਂਦਾ ਹੈ। ਪਹਿਲੀਆਂ ਸਰਕਾਰਾਂ ਨੇ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਦੇ ਨਾਂਅ ’ਤੇ ਸਿਰਫ਼ ਵੋਟਾਂ ਵਟੋਰੀਆਂ ਹਨ ਪਰ ਮਗਰੋਂ ਵੋਟਰਾਂ ਨੂੰ ਲੋਲੀਪੌਪ ਹੀ ਦਿੱਤਾ ਹੈ। ਸਥਾਨਕ ਰੈਸਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਿਧਾਇਕ ਘੁੰਮਣ ਨੇ ਦੱਸਿਆ ਕਿ ਉਨ੍ਹਾਂ ਵਿਧਾਨ ਸਭਾ ਵਿੱਚ ਦਸੂਹਾ ਨੂੰ ਜ਼ਿਲ੍ਹਾ ਬਣਾਉਣ, ਹਲਕੇ ਦੇ ਪਸ਼ੂ ਹਸਪਤਾਲਾਂ ਵਿੱਚ ਖ਼ਾਲੀ ਪਈਆਂ ਅਸਾਮੀਆਂ ਭਰਨ, ਸਕੂਲਾਂ ਵਿੱਚ ਸੁਧਾਰ, ਕੰਢੀ ਖੇਤਰ ਵਿੱਚ ਬੱਸ ਸੇਵਾ ਸ਼ੁਰੂ ਕਰਨ ਕਰਨ ਸਮੇਤ 15 ਮੁੱਦਿਆਂ ਨੂੰ ਚੁੱਕਿਆ ਹੈ।