ਪੱਤਰ ਪ੍ਰੇਰਕ
ਮੁਕੇਰੀਆਂ, 14 ਸਤੰਬਰ
ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਨਵੀਂ ਨੀਤੀ ਤਹਿਤ ਐੱਮਐੱਸਪੀ ’ਤੇ ਝੋਨੇ ਦੀ ਖ਼ਰੀਦ ਲਈ ਲਿਮਟ ਮਿਥਣ ਖ਼ਿਲਾਫ਼ ਦੋਆਬਾ ਕਿਸਾਨ ਕਮੇਟੀ ਨੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ। ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ, ਜਿਵੇਂ ਕਿ ਸੰਗਰੂਰ 30 ਕੁਇੰਟਲ, ਬਰਨਾਲਾ 29 ਕੁਇੰਟਲ, ਮੋਗਾ 40 ਕੁਇੰਟਲ, ਹੁਸ਼ਿਆਰਪੁਰ 23 ਕੁਇੰਟਲ, ਜਲੰਧਰ 26 ਕੁਇੰਟਲ ਝੋਨਾ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਐੱਮਐੱਸਪੀ ’ਤੇ ਖ਼ਰੀਦਣ ਲਈ ਜਾਰੀ ਹਦਾਇਤਾਂ ਨੂੰ ਕਿਸਾਨ ਮਾਰੂ ਕਰਾਰ ਦਿੱਤਾ ਹੈ। ਇਸ ਦੌਰਾਨ ਜਥੇਬੰਦੀ ਵਲੋਂ ਆਪਣੀ ਅੰਬਾਲਾ ਜੱਟਾਂ ਇਕਾਈ ਦੀ ਚੋਣ ਵੀ ਕੀਤੀ ਗਈ।
ਗੜ੍ਹਦੀਵਾਲਾ ਦੇ ਪਿੰਡ ਅੰਬਾਲਾ ਜੱਟਾਂ ਵਿੱਚ ਮੀਟਿੰਗ ਮਗਰੋਂ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਜੇਕਰਕਿਸਾਨ ਦਾ ਝੋਨੇ ਦਾ ਝਾੜ ਸਰਕਾਰ ਵੱਲੋਂ ਨਵੀਂ ਨੀਤੀ ਤਹਿਤ ਮਿੱਥੀ ਹੱਦ ਤੋਂ ਵੱਧ ਕਿਸੇ ਵੱਧ ਨਿਕਲਦਾ ਹੈ, ਤਾਂ ਉਸ ਦੀ ਖ਼ਰੀਦ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਾਲੇ ਤੱਕ ਕਣਕ ਦੇ ਮੁਆਵਜ਼ੇ ਬਾਰੇ ਵੀ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਭਗਵੰਤ ਮਾਨ ਸਰਕਾਰ ਨੇ ਆਪਣੀਆਂ ਨੀਤੀਆਂ ਵਿੱਚ ਸੁਧਾਰ ਨਾ ਕੀਤਾ ਤਾਂ ਮਜਬੂਰਨ ਕਿਸਾਨ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਗੇ।