ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 26 ਅਪਰੈਲ
ਕਰਤਾਰਪੁਰ ਦੀ ਵਿਸ਼ਵਕਰਮਾ ਮਾਰਕੀਟ ਵਿੱਚ ਵਿਆਹ ਕੇ ਆਈ ਪਰਮਪਾਲ ਕੌਰ ਉਰਫ਼ ਸਿਮਰਨ ਦੀ ਵਿਆਹ ਦੇ ਦੂਜੇ ਦਿਨ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਬੀਤੇ ਐਤਵਾਰ ਦੇਰ ਸ਼ਾਮ ਪਰਮਪਾਲ ਦੀ ਡੋਲੀ ਕਰਤਾਰਪੁਰ ਪਹੁੰਚੀ ਸੀ ਅਤੇ ਅਗਲੀ ਸਵੇਰ ਅਚਾਨਕ ਤਬੀਅਤ ਖ਼ਰਾਬ ਹੋਣ ਦੀ ਸੂਚਨਾ ਪੇਕੇ ਘਰ ਪਹੁੰਚਾਈ ਗਈ। ਜਾਣਕਾਰੀ ਅਨੁਸਾਰ ਪਰਮਪਾਲ ਕੌਰ ਦਾ ਵਿਆਹ ਫਰਨੀਚਰ ਦਾ ਕੰਮ ਕਰਦੇ ਸੁਪਰੀਤ ਸਿੰਘ ਨਾਲ ਹੋਇਆ ਸੀ। ਰਾਤ ਲਗਭਗ ਨੌਂ ਵਜੇ ਡੋਲੀ ਕਰਤਾਰਪੁਰ ਪਹੁੰਚੀ ਸੀ। ਮ੍ਰਿਤਕਾ ਦੇ ਦਾਦਾ ਜੋਗਾ ਸਿੰਘ ਤੇ ਭਰਾ ਗੁਰਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਕੋਲੋਂ ਸਹੁਰਾ ਪਰਿਵਾਰ ਦਾਜ ਦੀ ਮੰਗ ਕਰ ਰਿਹਾ ਸੀ ਜਿਸ ਕਾਰਨ ਲੜਕੀ ਸਦਮੇ ਵਿੱਚ ਸੀ। ਲੜਕੀ ਦੀ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਮਕਸੂਦਾਂ ਦੇ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਕਰਤਾਰਪੁਰ ਦੇ ਮੁਖੀ ਰਾਜੀਵ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤੀ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਉਪਰੰਤ ਪੁਲੀਸ ਮ੍ਰਿਤਕਾ ਦੇ ਪਤੀ ਸੁਪਰੀਤ ਸਿੰਘ, ਸਹੁਰਾ ਜਰਨੈਲ ਸਿੰਘ ਅਤੇ ਸੱਸ ਜਸਵੀਰ ਕੌਰ ਨੂੰ ਨਾਲ ਲੈ ਗਈ। ਡੀਐੱਸਪੀ ਕਰਤਾਰਪੁਰ ਸੁਖਪਾਲ ਸਿੰਘ ਸਿੰਘ ਨੇ ਦੱਸਿਆ ਕਿ ਲੜਕੀ ਦੇ ਵਿਆਹ ਦੇ ਦੂਸਰੇ ਦਿਨ ਮੌਤ ਹੋਣਾ ਗੰਭੀਰ ਮਾਮਲਾ ਹੈ। ਪੁਲੀਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਹੁਰਾ ਪਰਿਵਾਰ ਉੱਪਰ ਦਾਜ ਮੰਗਣ ਦੇ ਦੋਸ਼ ਲਾਏ ਗਏ ਹਨ। ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਪੁਲੀਸ ਅਗਲੀ ਕਾਰਵਾਈ ਕਰੇਗੀ।
ਵਿਆਹੁਤਾ ਦੀ ਭੇਤਭਰੀ ਹਾਲਤ ਵਿੱਚ ਮੌਤ
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਥਾਣਾ ਸਦਰ ਬਲਾਚੌਰ ਦੀ ਪੁਲੀਸ ਨੇ ਡੇਢ ਸਾਲ ਪਹਿਲਾਂ ਵਿਆਹੀ ਇੱਕ ਲੜਕੀ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਜਾਣ ਉਪਰੰਤ ਮ੍ਰਿਤਕਾ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਪਤੀ, ਸੱਸ ਅਤੇ ਜਠਾਣੀ ਖਿਲਾਫ਼ ਕੇਸ ਦਰਜ ਕੀਤਾ ਹੈ। ਮੀਰਾ ਦੇਵੀ ਪਤਨੀ ਤੇਲੂ ਰਾਮ ਵਾਸੀ ਪਿੰਡ ਪਾਹਲੇਵਾਲ (ਗੜ੍ਹਸ਼ੰਕਰ) ਅਨੁਸਾਰ ਉਸ ਦੀ ਲੜਕੀ ਰੇਖਾ ਰਾਣੀ (31) ਦਾ ਵਿਆਹ ਸਤੀਸ਼ ਕੁਮਾਰ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਚਣਕੋਆ ਨਾਲ ਹੋਇਆ ਸੀ ਜੋ ਵਿਆਹ ਉਪਰੰਤ ਜਲਦੀ ਹੀ ਵਿਦੇਸ਼ ਚਲਾ ਗਿਆ ਸੀ। ਪਿੱਛੋਂ ਉਸ ਦੀ ਪੁੱਤਰੀ ਰੇਖਾ ਰਾਣੀ ਗੁਰੂ ਨਾਨਕ ਹਸਪਤਾਲ ਬਲਾਚੌਰ ਵਿੱਚ ਨੌਕਰੀ ਲੱਗ ਗਈ। ਉਸ ਨੇ ਦੱਸਿਆ ਕਿ 24 ਅਪਰੈਲ ਨੂੰ ਉਸ ਦੀ ਪੁੱਤਰੀ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਫੋਨ ਕਰ ਕੇ ਕਿਹਾ ਕਿ ਵਿਦੇਸ਼ ਤੋਂ ਜਿੰਨੇ ਪੈਸੇ ਉਸ ਨੇ ਭੇਜੇ ਹਨ, ਉਹ ਉਸ ਦੇ ਖਾਤੇ ਵਿੱਚ ਟਰਾਂਸਫਰ ਕਰ ਦੇਵੇ ਅਤੇ ਆਪਣੇ ਪੇਕੇ ਪਾਹਲੇਵਾਲ ਚਲੀ ਜਾਵੇ। ਇਸ ਉਪਰੰਤ ਲੜਕੀ ਦੀ ਜਠਾਣੀ ਦਾ ਫੋਨ ਆਇਆ ਕਿ ਉਸ ਦੀ ਲੜਕੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ ਅਤੇ ਉਹ ਬਲਾਚੌਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹੈ, ਜਿੱਥੋਂ ਉਹ ਉਸਦੀ ਹਾਲਤ ਖਰਾਬ ਹੋਣ ’ਤੇ ਨਵਾਂ ਸ਼ਹਿਰ ਇੱਕ ਨਿੱਜੀ ਹਸਪਤਾਲ ਲੈ ਗਏ , ਜਿੱਥੇ ਉਹ ਦਮ ਤੋੜ ਗਈ। ਪੁਲੀਸ ਨੇ ਮ੍ਰਿਤਕਾ ਰੇਖਾ ਰਾਣੀ ਦੇ ਪਤੀ ਸਤੀਸ਼ ਕੁਮਾਰ, ਸੱਸ ਤ੍ਰਿਪਤਾ ਦੇਵੀ ਪਤਨੀ ਤਰਸੇਮ ਸਿੰਘ ਅਤੇ ਜਠਾਣੀ ਨੇਹਾ ਖਿਲਾਫ਼ ਕੇਸ ਦਰਜ ਕਰ ਲਿਆ ਹੈ।