ਪੱਤਰ ਪ੍ਰੇਰਕ
ਜਲੰਧਰ, 16 ਅਪਰੈਲ
ਇੱਥੇ ਅਦਾਲਤ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਕਾਰਨ ਅੱਜ ਔਰਤ ਦੇ ਸਿਰ ’ਤੇ ਗੰਭੀਰ ਸੱਟ ਲੱਗ ਗਈ। ਹਾਦਸੇ ਤੋਂ ਬਾਅਦ ਲੋਕ ਔਰਤ ਨੂੰ ਡਾਕਟਰ ਕੋਲ ਲੈ ਗਏ ਪਰ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਾਂਤਾ ਵਜੋਂ ਹੋਈ ਹੈ। ਔਰਤ ਜਲੰਧਰ ਕੈਂਟ ਇਲਾਕੇ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈੈ। ਦੱਸਿਆ ਜਾ ਰਿਹਾ ਹੈ ਕਿ ਔਰਤ ਅੱਜ ਜਲੰਧਰ ਦੀ ਅਦਾਲਤ ’ਚ ਆਪਣੇ ਪੋਤੇ ਨੂੰ ਮਿਲਣ ਆਈ ਸੀ ਜੋ ਕਤਲ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਹੈ ਤੇ ਅੱਜ ਉਸ ਦੀ ਤਰੀਕ ਸੀ। ਉਹ ਜਦੋਂ ਉਸਾਰੀ ਅਧੀਨ ਪਖਾਨੇ ਵੱਲ ਗਈ ਤਾਂ ਅਚਾਨਕ ਆਪਣਾ ਸੰਤੁਲਨ ਗੁਆ ਬੈਠੀ ਤੇ ਹੇਠਾਂ ਡਿੱਗ ਗਈ। ਹਾਦਸੇ ਦਾ ਪਤਾ ਲੱਗਦਿਆਂ ਹੀ ਸੀਜੇਐਮ ਗੁਰਪ੍ਰੀਤ ਕੌਰ ਖ਼ੁਦ ਮੌਕੇ ’ਤੇ ਪਹੁੰਚ ਗਏ। ਔਰਤ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।