ਭਗਵਾਨ ਦਾਸ ਸੰਦਲ
ਦਸੂਹਾ, 2 ਅਗਸਤ
ਇੱਥੇ ਬਲੱਗਣਾ ਰੋਡ ਦੀ ਕ੍ਰਿਸ਼ਨਾ ਕਲੋਨੀ ’ਚ ਘਰ ’ਚ ਖਾਣਾ ਬਣਾਉਣ ਸਮੇਂ ਸਿਲੰਡਰ ਨੂੰ ਅੱਗ ਲੱਗਣ ਕਾਰਨ ਝੁਲਸੀ ਔਰਤ ਦੀ ਮੌਤ ਹੋ ਗਈ ਜਦੋਂ ਕਿ ਇਕ ਗੰਭੀਰ ਜ਼ਖਮੀ ਹੋ ਗਈ। ਮ੍ਰਿਤਕ ਦੀ ਪਛਾਣ ਸ਼ਕੁੰਤਲਾ (43) ਪਤਨੀ ਪਰਮਜੀਤ ਵਾਸੀ ਪਿੰਡ ਹਲੇੜ (ਘੋਗਰਾ) ਵਜੋਂ ਹੋਈ ਹੈ ਜਦੋਂ ਕਿ ਜ਼ਖਮੀ ਪ੍ਰਵੀਨ ਪਤਨੀ ਰਾਮਚੰਦ ਵਾਸੀ ਕ੍ਰਿਸ਼ਨਾ ਕਲੋਨੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ 50 ਫੀਸਦੀ ਤੋਂ ਵੱਧ ਝੁਲਸਣ ਕਾਰਨ ਉਸ ਨੂੰ ਜਲੰਧਰ ਦੇ ਇਕ ਹਸਪਤਾਲ ’ਚ ਰੈਫਰ ਕਰ ਦਿੱਤਾ।
ਜਾਣਕਾਰੀ ਮੁਤਾਬਕ ਜ਼ਖ਼ਮੀ ਔਰਤ ਪ੍ਰਵੀਨ ਦੇ ਪੁੱਤਰ ਰੋਹਿਤ ਨੇ ਦੱਸਿਆ ਕਿ ਜਦੋਂ ਅੱਜ ਦੁਪਿਹਰ ਵੇਲੇ ਉਸ ਦੀ ਮਾਤਾ ਅਤੇ ਘਰ ਆਈ ਰਿਸ਼ਤੇਦਾਰ ਸ਼ਕੁੰਤਲਾ ਦੋਵੇਂ ਰਸੋਈ ’ਚ ਖਾਣਾ ਬਣਾਉਣ ਲੱਗੀਆਂ ਤਾਂ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਉਹ ਦੋਵੇਂ ਬੁਰੀ ਤਰ੍ਹਾਂ ਝੁਲਸ ਗਈਆਂ। ਇਸ ਦੇ ਨਾਲ ਹੀ ਰਸੋਈ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਤੇ ਦੀਵਾਰਾਂ ਨੂੰ ਵੀ ਤਰੇੜਾਂ ਆ ਗਈਆਂ। ਦੂਜੇ ਪਾਸੇ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਬਲਬੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਮੌਕੇ ਦਾ ਜਾਇਜ਼ਾ ਲਿਆ। ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।