ਜਸਬੀਰ ਸਿੰਘ ਚਾਨਾ
ਫਗਵਾੜਾ, 9 ਫਰਵਰੀ
ਇੱਥੋਂ ਦੇ ਗੋਲ ਚੌਕ ਵਿਖੇ ਕਰੀਬ ਤਿੰਨ ਸਾਲ ਪਹਿਲਾਂ ਵਾਪਰੇ ਗੋਲੀ ਕਾਂਡ ਦੇ ਮਾਮਲੇ ’ਚ ਅੱਜ ਅਦਾਲਤ ਦੇ ਹੁਕਮਾਂ ’ਤੇ ਦੋ ਵਿਅਕਤੀਆਂ ਨੂੰ ਕਪੂਰਥਲਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਦੀ ਪਛਾਣ ਹਰਭਜਨ ਸੁਮਨ ਤੇ ਪ੍ਰਦੀਪ ਮੱਲ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਰਾਜੀਵ ਪੁਰੀ ਤੇ ਵਿਜੈ ਸ਼ਰਮਾ ਨੇ ਦੱਸਿਆ ਕਿ 13 ਅਪਰੈਲ 2018 ਨੂੰ ਕੁੱਝ ਦਲਿਤ ਜਥੇਬੰਦੀਆਂ ਨੇ ਗੋਲ ਚੌਕ ਵਿਖੇ ਦੋ ਧਿਰਾਂ ਵਿਚਾਲੇ ਟਕਰਾਅ ਦੌਰਾਨ ਇੱਕ ਨੌਜਵਾਨ ਯਸ਼ਵੰਤ ਉਰਫ਼ ਬੋਬੀ ਦੀ ਮੌਤ ਹੋ ਗਈ ਸੀ। ਇਸ ਸਬੰਧੀ ਥਾਣਾ ਸਿਟੀ ’ਚ ਦਰਜ ਕੇਸ ਦੀ ਸੁਣਵਾਈ ਅਦਾਲਤ ’ਚ ਚੱਲ ਰਿਹਾ ਸੀ। ਅੱਜ ਮਾਮਲੇ ਦੀ ਤਾਰੀਖ ਦੌਰਾਨ ਹਰਭਜਨ ਸੁਮਨ ਤੇ ਪ੍ਰਦੀਪ ਮੱਲ ਅਦਾਲਤ ’ਚ ਹਾਜ਼ਰ ਹੋਏ। ਜਿੱਥੇ ਅਦਾਲਤ ਨੇ ਇਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਸੁਮਨ ਤੇ ਮੱਲ ਪਾਸ ਪੇਸ਼ਗੀ ਜ਼ਮਾਨਤ ਨਹੀਂ ਸੀ। ਫਗਵਾੜਾ ਦੇ ਡੀ.ਐਸ.ਪੀ. ਪਰਮਜੀਤ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਕਤ ਵਿਅਕਤੀ ਅਦਾਲਤ ’ਚ ਪੇਸ਼ ਹੋਣ ਲਈ ਗਏ ਸਨ ਜਿੱਥੇ ਅਦਾਲਤ ਵਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਹੁਕਮ ਸੁਣਾਇਆ ਗਿਆ ਜਿਸ ਤਹਿਤ ਪੁਲੀਸ ਵਲੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।