ਨਿੱਜੀ ਪੱਤਰ ਪ੍ਰੇਰਕ
ਜਲੰਧਰ, 7 ਸਤੰਬਰ
ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਮਨਾਏ ਜਾ ਰਹੇ ਦੇਸ਼ ਵਿਆਪੀ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਸਮਾਰੋਹ ਦੇ ਹਿੱਸੇ ਵਜੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਜਲੰਧਰ ਛਾਉਣੀ ਵਿੱਚ ਵਜਰਾ ਕੋਰ ਦਾ ਦੌਰਾ ਕੀਤਾ। ਇਸ ਮੌਕੇ ਦੇਸ਼ ਦੀ ਸੇਵਾ ਵਿੱਚ ਪਾਏ ਯੋਗਦਾਨ ਲਈ ਸੂਰਬੀਰ ਨਾਇਕਾਂ ਅਤੇ ਬਹਾਦਰ ਔਰਤਾਂ ਨੂੰ ਸਨਮਾਨਤ ਕੀਤਾ ਗਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਰਾਜਪਾਲ ਨੇ ਕਿਹਾ ਕਿ ਦੇਸ਼ ਹਥਿਆਰਬੰਦ ਸੈਨਾਵਾਂ ਦੀ ਨਿਰਸਵਾਰਥ ਸੇਵਾ ਅਤੇ ਮਹਾਨ ਕੁਰਬਾਨੀ ਲਈ ਹਮੇਸ਼ਾ ਰਿਣੀ ਰਹੇਗਾ। ਵਜਰਾ ਕੋਰ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ ਨੇ ਰਾਸ਼ਟਰੀ ਸੁਰੱਖਿਆ ਪ੍ਰਤੀ ਵਜਰਾ ਕੋਰ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹੋਏ ਸਾਬਕਾ ਸੈਨਿਕਾਂ ਦੇ ਅਥਾਹ ਯੋਗਦਾਨ ਅਤੇ ਬਹਾਦਰ ਨਾਇਕਾਂ ਦੀਆਂ ਕੁਰਬਾਨੀਆਂ ’ਤੇ ਚਾਨਣਾ ਪਾਇਆ।
ਰਾਜਪਾਲ ਵੱਲੋਂ ਤਿੰਨਾਂ ਸੇਵਾਵਾਂ ਦੇ ਕੁੱਲ 23 ਵੈਟਰਨਜ਼ ਅਤੇ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਵਿੱਚੋਂ ਬਹੁਤਿਆਂ ਨੇ 1971 ਦੀ ਜੰਗ, ਸ੍ਰੀਲੰਕਾ ਵਿੱਚ ਅਪਰੇਸ਼ਨ ਪਵਨ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਅਪਰੇਸ਼ਨ ਰਕਸ਼ਕ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ। ਸਨਮਾਨਿਤ ਕੀਤੇ ਗਏ ਸੇਵਾ ਕਰਮੀਆਂ ਵਿੱਚ 1 ਕੀਰਤੀ ਚੱਕਰ, 3 ਵੀਰ ਚੱਕਰ, 4 ਸ਼ੌਰਿਆ ਚੱਕਰ, 11 ਸੈਨਾ ਮੈਡਲ, 1 ਯੁੱਧ ਸੇਵਾ ਮੈਡਲ ਅਤੇ 2 ਵਿਸ਼ਿਸ਼ਟ ਸੇਵਾ ਮੈਡਲ ਪ੍ਰਾਪਤ ਕਰਨ ਵਾਲੇ ਸ਼ਾਮਲ ਹਨ। ਸਮਾਗਮ ਵਿੱਚ ਵੈਟਰਨ ਓਲੰਪੀਅਨ ਤੇ ਅਰਜੁਨ ਐਵਾਰਡੀ ਬ੍ਰਿਗੇਡੀਅਰ ਹਰਚਰਨ ਸਿੰਘ (ਸੇਵਾਮੁਕਤ) ਤੇ ਕਰਨਲ ਬਲਬੀਰ ਸਿੰਘ (ਸੇਵਾਮੁਕਤ) ਸਮੇਤ 6 ਵੀਰ ਨਾਰੀਆਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਸੀਨੀਅਰ ਪੋਸਟ ਵੈਟਰਨ ਲੈਫਟੀਨੈਂਟ ਜਨਰਲ ਐਸ. ਐਸ. ਸਾਂਗਰਾ (ਸੇਵਾਮੁਕਤ), ਸਾਬਕਾ ਫੌਜੀ ਕਮਾਂਡਰ ਪੱਛਮੀ ਕਮਾਂਡ ਹਾਜ਼ਰ ਸਨ। ਇਸ ਮੌਕੇ ਰਾਜਪਾਲ ਸ੍ਰੀ ਪੁਰੋਹਿਤ ਨੇ ਰਾਸ਼ਟਰ ਨਿਰਮਾਣ ਵਿੱਚ ਰੱਖਿਆ ਬਲਾਂ ਦੇ ਅਮੁੱਲ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਹਥਿਆਰਬੰਦ ਸੈਨਾਵਾਂ ਦੀ ਨਿਰਸਵਾਰਥ ਸੇਵਾ ਅਤੇ ਮਹਾਨ ਕੁਰਬਾਨੀ ਲਈ ਹਮੇਸ਼ਾ ਰਿਣੀ ਰਹੇਗਾ।
ਵਿਦਿਆਰਥੀਆਂ ਨੂੰ ਵਜ਼ੀਫ਼ੇ ਦੀ ਰਾਸ਼ੀ ਵੰਡੀ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਇੱਥੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਵਿਚ ਉਥੋਂ ਦੇ ਲੋਕਾਂ ਦੀ ਸਿੱਖਿਆ ਤੇ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਅਤੇ ਜਿਸ ਦੇਸ਼ ਦਾ ਨੌਜਵਾਨ ਚਰਿੱਤਰਵਾਨ ਹੋਵੇਗਾ, ਉਸ ਦੇਸ਼ ਨੂੰ ਵਿਸ਼ਵਗੁਰੂ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਉਹ ਅੱਜ ਜੈਮਜ਼ ਕੈਂਬ੍ਰਿਜ਼ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ਾ ਦੇਣ ਲਈ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਜੈਮਜ਼ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਅਤੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ 10ਵੀਂ ਤੇ 12ਵੀਂ ਬੋਰਡ ਪ੍ਰੀਖਿਆਵਾਂ ਦੇ 38 ਹੋਣਹਾਰ ਵਿਦਿਆਰਥੀਆਂ ਨੂੰ 31 ਲੱਖ ਰੁਪਏ ਦੀ ਰਾਸ਼ੀ ਵਜ਼ੀਫ਼ਾ ਪੁਰਸਕਾਰ ਵਜੋਂ ਵੰਡੀ ਗਈ। ਇਸ ਮੌਕੇ ਵਾਸਲ ਐਜੂਕੇਸ਼ਨ ਗਰੁੱਪ ਦੇ ਸੀਈਓ ਰਾਘਵ ਵਾਸਲ ਤੇ ਸਾਬਕਾ ਰਾਜ ਸਭਾ ਮੈਂਬਰ ਅਤੇ ਆਲ ਇੰਡੀਆ ਰੈੱਡਕਰਾਸ ਸੁਸਾਇਟੀ ਦੇ ਵਾਈਸ ਚੇਅਰਮੈਨ ਅਵਿਨਾਸ਼ ਰਾਏ ਖੰਨਾ ਨੇ ਮੁੱਖ ਮਹਿਮਾਨ ਦਾ ਹੁਸ਼ਿਆਰਪੁਰ ਆਉਣ ’ਤੇ ਧੰਨਵਾਦ ਕੀਤਾ।