ਪੱਤਰ ਪ੍ਰੇਰਕ
ਮੁਕੇਰੀਆਂ, 13 ਜੁਲਾਈ
ਸ਼ਹਿਰ ਅੰਦਰ ਵਿਕਾਸ ਕਾਰਜਾਂ ਲਈ ਨਵੇਂ ਖ਼ਰਚਿਆਂ ਨੂੰ ਪ੍ਰਵਾਨਗੀ ਦੇਣ ਹਿੱਤ ਹੋਈ ਨਗਰ ਕੌਂਸਲ ਦੀ ਮੀਟਿੰਗ ਵਿੱਚ ਅਕਾਲੀ ਦਲ ਤੇ ਭਾਜਪਾ ਦੀਆਂ ਮਹਿਲਾਂ ਕੌਂਸਲਰਾਂ ਨੇ ਸੀਸੀਟੀਵੀ ਕੈਮਰਿਆਂ ਵਿੱਚ ਹੋ ਰਹੇ ਕਥਿਤ ਭ੍ਰਿਸ਼ਟਾਚਾਰ ਉੱਪਰ ਕਾਂਗਰਸ ਦੀ ਨਗਰ ਕੌਂਸਲ ਨੂੰ ਘੇਰਦਿਆਂ ਹੰਗਾਮਾ ਕੀਤਾ। ਕੌਂਸਲਰਾਂ ਦਾ ਦੋਸ਼ ਹੈ ਕਿ ਮਾਰਚ 2021 ਵਿੱਚ 30 ਲੱਖ ਦੀ ਲਾਗਤ ਨਾਲ ਲੱਗੇ 51 ਸੀਸੀਟੀਵੀ ਕੈਮਰਿਆਂ ਦੀ ਮੁਰੰਮਤ ਲਈ ਕਮਰਚਾਰੀ ਰੱਖਣ ਵਾਸਤੇ ਕਰੀਬ ਸਾਲ ਭਰ ਵਿੱਚ ਹੀ 8.32 ਲੱਖ ਖ਼ਰਚ ਕਰ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ਸ਼ਹਿਰ ਦੇ ਚੌਕਾਂ ’ਚ ਨਗਰ ਕੌਂਸਲ ਵੱਲੋਂ 30 ਲੱਖ ਦੀ ਲਾਗਤ ਨਾਲ 51 ਸੀਸੀਟੀਵੀ ਕੈਮਰੇ ਲਗਾਏ ਗਏ ਸਨ। ਇਨ੍ਹਾਂ ਕੈਮਰਿਆਂ ਦਾ ਉਦਘਾਟਨ ਪਿਛਲੀ ਕਾਂਗਰਸ ਸਰਕਾਰ ਵੇਲੇ ਸਾਬਕਾ ਹਲਕਾ ਵਿਧਾਇਕਾ ਇੰਦੂ ਬਾਲਾ ਵੱਲੋਂ 23 ਮਾਰਚ 2021 ਨੂੰ ਕੀਤਾ ਗਿਆ ਸੀ। ਨਗਰ ਕੌਂਸਲ ਨੇ 16 ਦਸੰਬਰ 2021 ਨੂੰ ਹੋਈ ਮੀਟਿੰਗ ਵਿੱਚ ਇੱਕ ਟੈਕਨੀਸ਼ੀਅਨ ਤੇ ਇੱਕ ਹੈਲਪਰ ਦੇ ਖ਼ਰਚ ਵੱਜੋਂ 3.32 ਲੱਖ ਰੁਪਏ ਪਾਸ ਕਰਵਾ ਲਏ। ਇਸ ਤੋਂ ਕਰੀਬ ਪੰਜ ਮਹੀਨੇ ਬਾਅਦ ਕੀਤੀ 6 ਮਈ 2022 ਮੀਟਿੰਗ ਵਿੱਚ ਮੁੜ ਕੈਮਰਿਆਂ ਦੀ ਮੁਰੰਮਤ ਦੇ ਸਾਮਾਨ ਲਈ ਪੰਜ ਲੱਖ ਰੁਪਏ ਦਾ ਐਸਟੀਮੇਟ ਪਾਸ ਕਰਵਾ ਲਿਆ। ਹੁਣ ਫਿਰ ਮੀਟਿੰਗ ਵਿੱਚ ਹੋਰ ਕੈਮਰੇ ਲਗਾਉਣ ਲਈ ਬਜਟ ਰੱਖਿਆ ਜਾ ਰਿਹਾ ਹੈ। ਸ਼ਹਿਰ ਦੀ 15 ਮੈਂਬਰੀ ਨਗਰ ਕੌਂਸਲ ਵਿੱਚ ਕਾਂਗਰਸ ਦਾ ਬਹੁਮਤ ਹੈ ਅਤੇ ਅਕਾਲੀ ਦਲ ਦੀ ਇੱਕ ਅਤੇ ਭਾਜਪਾ ਦੇ ਤਿੰਨ ਕੌਂਸਲਰ ਹਨ।
ਇਸ ਸਬੰਧੀ ਅਕਾਲੀ ਦਲ ਦੀ ਕੌਂਸਲਰ ਪੂਨਮ ਰੱਤੂ ਅਤੇ ਭਾਜਪਾ ਕੌਂਸਲਰ ਰਜੇਸ਼ ਜੈਨ ਨੇ ਦੱਸਿਆ ਕਿ ਕੈਮਰਿਆਂ ਦੀ ਖ਼ਰੀਦ ਅਤੇ ਮੁਰੰਮਤ ਵਿੱਚ ਕਾਂਗਰਸ ਦੀ ਨਗਰ ਕੌਂਸਲ ਵੱਲੋਂ ਵੱਡਾ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ। ਇੱਕ ਸਥਾਨਕ ਏਜੰਸੀ ਦੇ ਘੱਟ ਭਾਅ ’ਤੇ ਕੈਮਰੇ ਲਗਾਉਣ ਲਈ ਤਿਆਰ ਹੋਣ ਦੇ ਬਾਵਜੂਦ ਬਾਹਰਲੀ ਏਜੰਸੀ ਤੋਂ ਕੈਮਰੇ ਲਗਵਾਏ ਗਏ। ਇਨ੍ਹਾਂ ਕੈਮਰਿਆਂ ਦੀ ਇੱਕ ਸਾਲ ਦੀ ਵਾਰੰਟੀ ਹੁੰਦੀ ਹੈ ਪਰ ਨਗਰ ਕੌਂਸਲ ਨੇ ਕਰੀਬ ਸਵਾ ਸਾਲ ਵਿੱਚ ਹੀ ਕੈਮਰਿਆਂ ਦੀ ਮੁਰੰਮਤ ਅਤੇ ਦੇਖ-ਰੇਖ ਲਈ 8.32 ਲੱਖ ਰੁਪਏ ਖ਼ਰਚ ਦਿੱਤੇ ਹਨ।
ਇਸ ਸਬੰਧੀ ਈਓ ਵਿਜੇ ਸਾਗਰ ਮਹਿਤਾ ਨੇ ਕਿਹਾ ਕਿ ਉਨ੍ਹਾਂ ਹਾਲ ਹੀ ਵਿੱਚ ਇੱਥੇ ਜੁਆਈਨ ਕੀਤਾ ਹੈ। ਕੌਂਸਲਰਾਂ ਵਲੋਂ ਉਠਾਏ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ। ਮੌਜੂਦਾ ਸਮੇਂ ਅੰਦਰ ਸ਼ਹਿਰ ਦੇ ਚੌਕਾਂ ਵਿੱਚ ਲੱਗੇ ਕੈਮਰਿਆਂ ਵਿੱਚੋਂ ਕੇਵਲ 12-14 ਸੀਸੀਟੀਵੀ ਕੈਮਰੇ ਹੀ ਠੀਕ ਚੱਲ ਰਹੇ ਹਨ। ਖ਼ਰਾਬ ਕੈਮਰਿਆਂ ਦੀ ਮੁਰੰਮਤ ਲਈ ਐਸਟੀਮੇਟ ਤਿਆਰ ਕਰਨ ਲਈ ਸਬੰਧਿਤ ਮੁਲਾਜ਼ਮਾਂ ਨੂੰ ਆਖਿਆ ਗਿਆ ਹੈ।