ਜਸਬੀਰ ਸਿੰਘ ਚਾਨਾ
ਫਗਵਾੜਾ, 19 ਸਤੰਬਰ
ਨਗਰ ਨਿਗਮ ਦੇ ਠੇਕੇ ਉੱਤੇ ਰੱਖੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੇ ਹੱਕ ’ਚ ਨਗਰ ਨਿਗਮ ਦਫਤਰ ਬਾਹਰ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ ਜਿਸ ’ਚ ਮੀਟਰ ਰੀਡਰ, ਕੰਪਿਊਟਰ ਅਪਰੇਟਰ, ਸੀਵਰੇਜ ਮੈੱਨ, ਪੰਪ ਅਪਰੇਟਰ ਸਮੇਤ ਹੋਰ ਕਈ ਕਰਮੀ ਸ਼ਾਮਲ ਹਨ।
ਅੱਜ ਉਨ੍ਹਾਂ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੋਲਦਿਆਂ ਯੂਨੀਅਨ ਆਗੂ ਧਰਮਵੀਰ ਸੇਠੀ, ਰੋਸ਼ਨ ਲਾਲ ਸੇਠੀ ਆਦਿ ਆਗੂਆਂ ਨੇ ਕਿਹਾ ਕਿ ਠੇਕੇ ਉੱਤੇ ਰੱਖੇ ਕਰਮਚਾਰੀਆਂ ਨੂੰ ਡੀ.ਸੀ. ਰੇਟਾਂ ’ਚ ਤਬਦੀਲ ਕੀਤਾ ਜਾਵੇ ਤੇ ਸੀਵਰੇਜ ਕਰਮਚਾਰੀਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਸੀਵਰੇਜ ਬੋਰਡ ਨਾਲੋਂ ਅਲੱਗ ਕਰਕੇ ਨਗਰ ਨਿਗਮ ’ਚ ਸ਼ਾਮਿਲ ਕੀਤਾ ਜਾਵੇ।
ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਪੁੱਜੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਦੋ ਮੁੱਖ ਮੰਗਾਂ ਸਰਕਾਰ ਦੇ ਪੱਧਰ ਦੀਆਂ ਹਨ ਤੇ ਇਹ ਮੰਗਾਂ ਮੰਤਰੀ, ਸਕੱਤਰ ਤੇ ਡਾਇਰੈਕਟਰ ਦੇ ਧਿਆਨ ’ਚ ਹਨ। ਉਨ੍ਹਾਂ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਆਪਣੀ ਹੜਤਾਲ ਵਾਪਿਸ ਲੈ ਲੈਣ।ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਰਕਾਰ ਜਲਦੀ ਮੰਗਾਂ ਮੰਨ ਲਵੇਗੀ।