ਭਗਵਾਨ ਦਾਸ ਸੰਦਲ
ਦਸੂਹਾ, 29 ਸਤੰਬਰ
ਇਥੋਂ ਦੇ ਨੇੜਲੇ ਪਿੰਡ ਘੋਗਰਾ ਵਿੱਚ ਪੰਚਾਇਤ ਵੱਲੋਂ ਦਸੂਹਾ-ਹਾਜੀਪੁਰ ਲਿੰਕ ਸੜਕ ’ਤੇ ਬੱਸ ਅੱਡੇ ਦੀ ਉਸਾਰੀ ਜਾ ਰਹੀ ਨਵੀਂ ਇਮਾਰਤ ਦਾ ਕੰਮ ਬੀਡੀਪੀਓ ਦਸੂਹਾ ਧਨਵੰਤ ਸਿੰਘ ਰੰਧਾਵਾ ਵੱਲੋਂ ਬੰਦ ਕਰਵਾ ਦਿੱਤਾ ਗਿਆ।
ਸੂਤਰਾਂ ਮੁਤਾਬਕ ਬੱਸ ਅੱਡੇ ਦੀ ਉਸਾਰੀ ’ਚ ਕਥਿਤ ਤੌਰ ’ਤੇ ਪੁਰਾਣੀਆਂ ਨੀਹਾਂ ’ਤੇ ਹੀ ਕੀਤੀ ਜਾ ਰਹੀ ਸੀ ਜਿਸ ਲਈ ਗੈਰਮਿਆਰੀ ਸਮੱਗਰੀ ਦੀ ਵਰਤੋਂ ਕੀਤੀ ਜਾ ਰਹੀ ਸੀ। ਅੱਜ ਦੁਪਹਿਰ ਮਾਮਲਾ ਉਸ ਵੇਲੇ ਗਰਮਾ ਗਿਆ ਜਦੋਂ ਬੀਡੀਪੀਓ ਨੇ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਕੇ ਉਸਾਰੀ ਦਾ ਕੰਮ ਅੱਧ ਵਿਚਾਲੇ ਹੀ ਬੰਦ ਕਰਵਾ ਦਿੱਤਾ।
ਬੀਡੀਪੀਓ ਧਨਵੰਤ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਘੋਗਰਾ ਦੀ ਪੰਚਾਇਤ ਵੱਲੋਂ 4.5 ਲੱਖ ਰੁਪਏ ਦੀ ਲਾਗਤ ਨਾਲ ਬੱਸ ਅੱਡੇ ਦੀ ਉਸਾਰੀ ਕਰਵਾਈ ਜਾ ਰਹੀ ਹੈ। ਜਿਸ ਲਈ ਗਲਤ ਢੰਗ ਨਾਲ ਮਾੜੀ ਸਮੱਗਰੀ ਦੀ ਵਰਤੋਂ ਕੀਤੀ ਜਾ ਰਹੀ ਹੈ ਜੋਕਿ ਵਿਭਾਗ ਵੱਲੋਂ ਜਾਂਚ ਦਾ ਵਿਸ਼ਾ ਹੈ। ਜਦੋਂ ਉਨ੍ਹਾਂ ਮੌਕੇ ਦਾ ਦੌਰਾ ਕੀਤਾ ਤਾਂ ਦੇਖਣ ਵਿੱਚ ਆਇਆ ਕਿ ਇਮਾਰਤ ਦੀ ਉਸਾਰੀ ਪੁਰਾਣੀਆਂ ਨੀਂਹਾਂ ’ਤੇ ਹੀ ਗੈਰਮਿਆਰੀ ਸਮੱਗਰੀ ਨਾਲ ਕਰਵਾਈ ਜਾ ਰਹੀ ਸੀ। ਜਿਸ ਕਾਰਨ ਉਸਾਰੀ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕਰਵਾਈ ਜਾਵੇਗੀ।
ਇਸ ਮੌਕੇ ਜੇ.ਈ ਅਰੁਨ ਕੁਮਾਰ, ਸਕੱਤਰ ਸੁਖਦੇਵ ਸਿੰਘ, ਪੰਚ ਹਰਜਿੰਦਰ ਸਿੰਘ, ਪੰਚ ਜਸਵੀਰ ਸਿੰਘ, ਪੰਚ ਸ਼ਮਸੇਰ ਸਿੰਘ, ਭਾਗ ਸਿੰਘ ਸਲਾਰੀਆ, ਪਵਨ ਕਪੂਰ, ਜੁਝਾਰ ਸਿੰਘ, ਦਲੇਰ ਸਿੰਘ, ਗੁਰਪਾਲ ਸਿੰਘ ਸਮੇਤ ਹੋਰ ਪਤਵੰਤੇ ਮੋਜੂਦ ਸਨ।
ਕੀ ਕਹਿੰਦੇ ਨੇ ਘੋਗਰਾ ਦੇ ਸਰਪੰਚ
ਦੂਜੇ ਪਾਸੇ ਇਸ ਸਬੰਧੀ ਪਿੰਡ ਘੋਗਰਾ ਦੇ ਸਰਪੰਚ ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਸਬੰਧਤ ਵਿਭਾਗ ਵੱਲੋਂ ਬੱਸ ਅੱਡੇ ਦੀ ਉਸਾਰੀ ਲਈ ਜੋ ਨਕਸ਼ਾ ਜਾਰੀ ਕੀਤਾ ਗਿਆ ਹੈ ਉਸ ਮੁਤਾਬਕ ਹੀ ਅਤੇ ਸਮੱਗਰੀ ਦੇ ਤੈਅਸ਼ੁਦਾ ਮਾਪਢੰਡਾਂ ਤਹਿਤ ਹੀ ਉਸਾਰੀ ਦਾ ਕੰਮ ਕਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਸ ਦੀ ਜਾਂਚ ਕਰਵਾਈ ਜਾ ਸਕਦੀ ਹੈ।