ਪੱਤਰ ਪ੍ਰੇਰਕ
ਭੋਗਪੁਰ, 22 ਅਕਤੂਬਰ
ਸਹਿਕਾਰੀ ਖੰਡ ਭੋਗਪੁਰ ਦੇ ਇਸ ਸੀਜ਼ਨ ਦੇ ਚੱਲਣ ਵਿੱਚ ਕੁੱਝ ਸਮਾਂ ਹੀ ਬਾਕੀ ਰਹਿ ਗਿਆ ਹੈ ਪਰ ਗੰਨਾ ਕਾਸ਼ਤਕਾਰਾਂ ਨੂੰ ਆਪਣਾ ਕਾਸ਼ਤ ਕੀਤਾ ਗੰਨਾ ਖੰਡ ਮਿੱਲ ਵਿੱਚ ਲਿਆਉਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੋਇਆ ਪਿਆ ਹੈ ਕਿਉਂਕਿ ਇਲਾਕੇ ਦੀਆਂ ਸਾਰੀਆਂ ਸੜਕਾਂ ਖਸਤਾ ਹੋਈਆਂ ਪਈਆਂ ਹਨ। ਭੁਲੱਥ ਨੂੰ ਜਾਂਦੀ ਸੜਕ ਵਿਧਾਨ ਸਭਾ ਹਲਕਾ ਭੁਲੱਥ ਦੀ ਹੱਦ ਤੱਕ ਵਧੀਆ ਬਣੀ ਹੋਈ ਹੈ ਪਰ ਭੋਗਪੁਰ ਇਲਾਕੇ ਦੀ ਹੱਦ ਵਿੱਚ ਇਸ ਸੜਕ ਵਿੱਚ ਦੋ-ਦੋ ਫੁੱਟ ਡੂੰਘੇ ਟੋਏ ਬਣੇ ਹੋਏ ਹਨ ਜਿਨ੍ਹਾਂ ਉਪਰ ਅਵਜਾਈ ਮੁਸ਼ਕਿਲ ਨਾਲ ਚੱਲਦੀ ਹੈ। ਭੋਗਪੁਰ ਤੋਂ ਆਦਮਪੁਰ ਨੂੰ ਜਾਂਦੀ ਸੜਕ ਆਦਮਪੁਰ ਦੀ ਹੱਦ ਤੱਕ ਤਾਂ ਵਧੀਆ ਬਣੀ ਹੋਈ ਹੈ ਪਰ ਜਦੋਂ ਭੋਗਪੁਰ ਬਲਾਕ ਦੀ ਹੱਦ ਸ਼ੁਰੂ ਹੁੰਦੀ ਹੈ ਤਾਂ ਸੜਕ ਵਿੱਚ ਬਣੀਆਂ ਉੱਖਲੀਆਂ-ਟੋਏ ਆਵਾਜਾਈ ਨੂੰ ਹੌਲੀ ਹੌਲੀ ਚੱਲਣ ਲਈ ਮਜ਼ਬੂਰ ਕਰਦੇ ਹਨ।
ਇਸੇ ਤਰ੍ਹਾਂ ਦਾ ਹਾਲ ਭੋਗਪੁਰ ਤੋਂ ਕਰਤਾਰਪੁਰ ਨੂੰ ਜਾਂਦੀ ਸੜਕ ਦਾ ਵਿਧਾਨ ਸਭਾ ਹਲਕਾ ਕਰਤਾਰਪੁਰ ਦੀ ਹੱਦ ਤੱਕ ਸੜਕ ਦਾ ਨਵੀਨੀਕਰਨ ਹੋਇਆ ਹੈ ਪਰ ਜਦੋਂ ਹੀ ਇਹ ਪੱਕੀ ਸੜਕ ਭੋਗਪੁਰ ਇਲਾਕੇ ਵਿੱਚ ਪੈਂਦੀ ਹੈ ਤਾਂ ਖਸਤਾ ਹਾਲ ਇਹ ਸੜਕ ਕੱਚੀਆਂ ਸੜਕਾਂ ਤੋਂ ਵੀ ਭੈੜੀ ਬਣ ਗਈ ਹੈ। ਜੇ ਭੋਗਪੁਰ ਇਲਾਕੇ ਦੇ ਪਿੰਡਾਂ ਦੀਆਂ ਲਿੰਕ ਪੱਕੀਆਂ ਸੜਕਾਂ ਦੀ ਗੱਲ ਕਰੀਏ ਤਾਂ ਖਸਤਾ ਹੋਣ ਕਰਕੇ ਇਨ੍ਹਾਂ ’ਤੇ ਚੱਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ।
ਕੀ ਕਹਿੰਦੇ ਨੇ ਵਿਧਾਇਕ ਅਤੇ ‘ਆਪ’ ਦੇ ਹਲਕਾ ਇੰਚਾਰਜ
ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਕਾਂਗਰਸੀ ਆਗੂਆਂ ਨੇ ਇਲਾਕਾ ਭੋਗਪੁਰ ਦਾ ਵਿਕਾਸ ਨਹੀਂ ਹੋਣ ਦਿੱਤਾ ਕਿਉਂਕਿ ਉਹ (ਟੀਨੂੰ) ਵਿਰੋਧੀ ਸਿਆਸੀ ਪਾਰਟੀ ਦੇ ਵਿਧਾਇਕ ਸਨ ਅਤੇ ਹੁਣ ਹਲਕੇ ਦਾ ਕਾਂਗਰਸੀ ਵਿਧਾਇਕ ਹੋਣ ਕਰਕੇ ‘ਆਪ’ ਆਗੂ ਵਿਕਾਸ ਕੰਮਾਂ ਵਿੱਚ ਲੱਤਾਂ ਅੜਾ ਰਹੇ ਹਨ ਜਿਸ ਕਾਰਨ ਇਲਾਕੇ ਦਾ ਵਿਕਾਸ ਨਹੀਂ ਹੋ ਰਿਹਾ। ਜਦੋਂ ਕਾਂਗਰਸੀ ਵਿਧਾਇਕ ਨੂੰ ਫੋਨ ਕੀਤਾ ਤਾਂ ਉਨ੍ਹਾਂ ਆਪਣਾ ਮੋਬਾਈਲ ਫੋਨ ਨਹੀਂ ਚੱਕਿਆ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਨੇ ਇਲਾਕੇ ਦੀਆਂ ਸੜਕਾਂ ਬਾਰੇ ਕਿਹਾ ਕਿ ਮਾਈਨਿੰਗ ’ਤੇ ਰੋਕ ਲੱਗੀ ਹੋਣ ਕਾਰਨ ਸੜਕਾਂ ਦੇ ਨਵੀਨੀਕਰਨ ਦਾ ਕੰਮ ਰੁਕਿਆ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਲਕੇ ਲਈ ਤਿੰਨ ਕਰੋੜ ਰੁਪਏ ਅਲਾਟ ਕੀਤੇ ਹਨ ਜਿਸ ਨਾਲ ਸੜਕਾਂ ਦੀ ਨੁਹਾਰ ਬਦਲ ਜਾਵੇਗੀ।