ਨਿੱਜੀ ਪੱਤਰ ਪ੍ਰੇਰਕ
ਜਲੰਧਰ, 15 ਨਵੰਬਰ
ਪਿਛਲੇ ਕਰੀਬ 19 ਦਿਨਾਂ ਤੋਂ ਸਥਾਨਕ ਬੱਸ ਸਟੈਂਡ ਦੀ ਪਾਣੀ ਵਾਲੀ ਟੈਂਕੀ ਉੱਤੇ ਬੈਠੇ ਦੋ ਬੀਐੱਡ ਟੈੱਟ ਪਾਸ ਅਧਿਆਪਕਾਂ ਵਿੱਚੋ ਇਕ ਬੇਰੁਜ਼ਗਾਰ ਮੁਨੀਸ਼ ਫਾਜ਼ਿਲਕਾ ਦੀ ਸਿਹਤ ਖਰਾਬ ਹੋਣ ਕਰ ਕੇ ਅੱਜ ਡਾ. ਪ੍ਰੀਤਇੰਦਰ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਮੁਆਇਨਾ ਕੀਤਾ ਗਿਆ ਅਤੇ ਲੋੜੀਂਦੇ ਨਮੂਨੇ ਪ੍ਰਾਪਤ ਕੀਤੇ ਗਏ।
ਬੀਤੇ ਕਈ ਦਿਨਾਂ ਤੋਂ ਮੁਨੀਸ਼ ਆਪਣੀਆਂ ਲੱਤਾਂ ਵਿੱਚ ਦਰਦ ਅਤੇ ਸੋਜ਼ ਹੋਣ ਅਤੇ ਪੇਟ ਵਿੱਚ ਦਰਦ ਹੋਣ ਦੀ ਤਕਲੀਫ਼ ਦੱਸ ਰਿਹਾ ਹੈ। ਲੰਬੀ ਪ੍ਰਕਿਰਿਆ ਮਗਰੋਂ ਆਖ਼ਰ ਅੱਜ ਚੈੱਕਅੱਪ ਕੀਤਾ ਗਿਆ। ਭਾਵੇਂ ਪ੍ਰਸ਼ਾਸਨ ਨੇ ਮੁਨੀਸ਼ ਨੂੰ ਟੈਂਕੀ ਤੋਂ ਹੇਠਾਂ ਉੱਤਰ ਕੇ ਚੈੱਕਅੱਪ ਕਰਵਾਉਣ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕੀਤੀ। ਅਖੀਰ ਟੀਮ ਨੇ ਖ਼ੁਦ ਕਰੀਬ 100 ਫੁੱਟ ਉੱਚੀ ਟੈਂਕੀ ਉੱਤੇ ਜਾ ਕੇ ਚੈੱਕਅਪ ਕੀਤਾ। ਸਮੁੱਚੀ ਜਾਣਕਾਰੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਹੀ ਪਤਾ ਲੱਗੇਗੀ। ਉਂਝ ਮੁਨੀਸ਼ ਦੇ ਦੱਸਣ ਅਨੁਸਾਰ ਲੱਤਾਂ ਅਤੇ ਪੇਟ ਵਿਚਲੇ ਦਰਦ ਨਾਲ ਉਹ ਪ੍ਰੇਸ਼ਾਨ ਹੈ।
ਯੂਨੀਅਨ ਦੇ ਆਗੂਆਂ ਅਮਨਦੀਪ ਸੇਖਾ ਅਤੇ ਸੰਦੀਪ ਗਿੱਲ ਨੇ ਦੱਸਿਆ ਕਿ ਸਰਕਾਰ ਮੰਗਾਂ ਹੱਲ ਕਰਨ ਦੀ ਬਜਾਏ ਲੰਬੇ-ਲੰਬੇ ਲਾਰੇ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਮੀਟਿੰਗ ਨਾ ਹੋਈ ਜਾਂ ਬੇਸਿੱਟਾ ਰਹੀ ਤਾਂ 18 ਨਵੰਬਰ ਨੂੰ ਮੁੜ ਸਿੱਖਿਆ ਮੰਤਰੀ ਦੀ ਕੋਠੀ ਦਾ ਅਣਮਿੱਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ।