ਦੀਪਕ ਠਾਕੁਰ
ਤਲਵਾੜਾ, 21 ਨਵੰਬਰ
ਪੰਜਾਬ ਸਰਕਾਰ ਵੱਡੇ-ਵੱਡੇ ਦਾਅਵੇ ਕਰਨ ਦੀ ਬਜਾਇ ਧਰਾਤਲ ’ਤੇ ਕੰਮ ਕਰੇ। ਇਹ ਵਿਚਾਰ ਆਮ ਆਦਮੀ ਪਾਰਟੀ ਹਲ਼ਕਾ ਦਸੂਹਾ ਦੇ ਇੰਚਾਰਜ ਐਡਵੋਕੇਟ ਕਰਮਵੀਰ ਘੁੰਮਣ ਨੇ ਅੱਜ ਸੁਤੰਤਰਤਾ ਸੈਨਾਨੀ ਪੰਡਿਤ ਕਿਸ਼ੋਰੀ ਲਾਲ ਦੇ ਜੱਦੀ ਪਿੰਡ ਧਰਮਪੁਰ ਦਾ ਦੌਰਾ ਕਰਨ ਉਪਰੰਤ ਪ੍ਰਗਟ ਕੀਤੇ। ਉਨ੍ਹਾਂ ਕਾਂਗਰਸ ਸਰਕਾਰ ’ਤੇ ਕਰੋਨਾ ਮਹਾਂਮਾਰੀ ਤੋਂ ਵੀ ਸਬਕ ਨਾ ਸਿੱਖਣ ਦੀ ਗੱਲ ਕਰਦਿਆਂ ਕਿਹਾ ਕਿ ਪਿੰਡਾਂ ’ਚ ਖੁੱਲ੍ਹੇ ਸਰਕਾਰੀ ਸਿਹਤ ਕੇਂਦਰ ਖਸਤਾ ਹਾਲ ਹਨ, ਡਾਕਟਰਾਂ ਤੇ ਹੋਰ ਅਮਲੇ ਦਾ ਕੋਈ ਪ੍ਰਬੰਧ ਨਹੀਂ ਹੈ। ਕੰਢੀ ਖ਼ੇਤਰ ’ਚ ਸਿਹਤ ਸਹੂਲਤਾਂ ਦੇ ਨਾਕਸ ਪ੍ਰਬੰਧ ਕਾਂਗਰਸ ਸਰਕਾਰ ਦੇ ਦਾਅਵਿਆਂ ਅਤੇ ਵਾਅਦਿਆਂ ਦੀ ਫ਼ੂਕ ਕੱਢ ਰਹੇ ਹਨ। ਪਿੰਡ ਧਰਮਪੁਰ ਦੀ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਖ਼ੁਦ ਬਿਮਾਰ ਹੈ, ਇਮਾਰਤ ਖਸਤਾ ਹਾਲ ਹੈ। ਸਾਂਭ ਸੰਭਾਲ ਨਾ ਹੋਣ ਕਾਰਨ ਬਾਲਿਆਂ ਦੀ ਛੱਤ ਡਿੱਗੀ ਹੋਈ ਹੈ, ਕਰਮਚਾਰੀਆਂ ਦੇ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈ। ਦਵਾਈ ਦੀ ਘਾਟ ਹੈ। ਐਡ. ਘੁੰਮਣ ਨੇ ਵਿਧਾਇਕ ਅਰੁਣ ਡੋਗਰਾ ’ਤੇ ਆਪਣੇ ਜੱਦੀ ਪਿੰਡ ਤੋਂ ਮਹਿਜ਼ ਚੰਦ ਕੁ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਇਤਿਹਾਸਕ ਅਤੇ ਧਾਰਮਿਕ ਪਿੰਡ ਧਰਮਪੁਰ ਨੂੰ ਅਣਗੌਲਿਆਂ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸਿਹਤ ਸੁਵਿਧਾਵਾਂ ਦੀ ਘਾਟ ਦੇ ਚੱਲਦਿਆਂ ਨੀਮ ਪਹਾੜੀ ਪਿੰਡ ਦੇ ਵਸਨੀਕ ਦੂਰ ਦੁਰਾਡੇ ਜਾ ਕੇ ਨਿੱਜੀ ਹਸਪਤਾਲਾਂ ’ਚ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਦਿੱਲੀ ਦੀ ਤਰਜ਼ ’ਤੇ 16 ਹਜ਼ਾਰ ਮੁਹੱਲਾ ਕਲੀਨਿਕ ਸਥਾਪਿਤ ਕਰਕੇ ਪ੍ਰਦੇਸ਼ ਵਾਸੀਆਂ ਨੂੰ ਮੁਫ਼ਤ ਤੇ ਮਿਆਰੀ ਸਿਹਤ ਸਹੂਲਤ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਸ਼ੰਭੂ ਦੱਤ, ਸ਼ਹਿਰੀ ਪ੍ਰਧਾਨ ਵਿਕਰਾਂਤ ਜੋਤੀ, ਸਰਕਲ ਪ੍ਰਧਾਨ ਵਕੀਲ ਸਿੰਘ ਤੇ ਸੰਜੀਵ ਸੰਜੂ, ਬਲਾਕ ਪ੍ਰਧਾਨ ਐਕਸਸਰਵਿਸਮੈਨ ਵਿੰਗ ਰਾਜ ਕੁਮਾਰ ਰਾਜੂ ਹਾਜ਼ਰ ਸਨ।
ਕੀ ਕਹਿੰਦੇ ਨੇ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ
ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਭੁਪਿੰਦਰ ਕੌਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ 48 ਦੇ ਕਰੀਬ ਆਯੂਰਵੈਦਿਕ ਡਿਸਪੈਂਸਰੀਆਂ ਹਨ, ਸਟਾਫ਼ ਦੀ ਘਾਟ ਹੋਣ ਕਾਰਨ ਇੱਕ ਡਾਕਟਰ ਤਿੰਨ ਤੋਂ ਵੱਧ ਸਟੇਸ਼ਨਾਂ ’ਤੇ ਸੇਵਾ ਨਿਭਾ ਰਿਹਾ ਹੈ। ਪਿੰਡ ਧਰਮਪੁਰ ਵਿਖੇ ਫਾਰਮਸਿਸਟ ਪ੍ਰਤੀਕ ਦੀ ਹਫ਼ਤੇ ‘ਚ ਦੋ ਦਿਨ ਡਿਊਟੀ ਲਗਾਈ ਗਈ ਹੈ, ਇਸ ਤੋਂ ਇਲਾਵਾ ਇੱਕ ਟ੍ਰੇਂਡ ਦਾਈ ਸ਼ਸ਼ੀ ਬਾਲਾ ਵੀ ਨਿਯੁਕਤ ਕੀਤੀ ਗਈ ਹੈ। ਜਿੱਥੋਂ ਤੱਕ ਡਿਸਪੈਂਸਰੀ ਦੀ ਖਸਤਾ ਹਾਲ ਇਮਾਰਤ ਦੀ ਗੱਲ ਹੈ ਤਾਂ ਉਸ ਸਬੰਧੀ ਸਬੰਧਤ ਪੰਚਾਇਤ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਭੇਜਿਆ ਗਿਆ ਹੈ।