ਨਿੱਜੀ ਪੱਤਰ ਪ੍ਰੇਰਕ
ਜਲੰਧਰ, 26 ਅਪਰੈਲ
ਇੱਥੇ ਇੱਕ ਨਿੱਜੀ ਹਸਪਤਾਲ ਨੇ ਕਰੋਨਾ ਤੋਂ ਗੰਭੀਰ ਰੂਪ ’ਚ ਪੀੜਤ ਦਾਖਲ ਇੱਕ ਮਰੀਜ਼ ਦੇ ਪਰਿਵਾਰ ਨੂੰ ਅੱਧੀ ਰਾਤ ਨੂੰ ਦਬਾਅ ਪਾਇਆ ਕਿ ਉਹ ਆਪਣੇ ਮਰੀਜ਼ ਘਰ ਲੈ ਜਾਣ ਜਾਂ ਫਿਰ ਆਕਸੀਜਨ ਦੇ ਸਿਲੰਡਰ ਦਾ ਪ੍ਰਬੰਧ ਕਰਨ। ਹਸਪਤਾਲ ਪ੍ਰਬੰਧਕਾਂ ਵੱਲੋਂ ਧਮਕੀ ਭਰੀ ਦਿੱਤੀ ਚਿਤਾਵਨੀ ਨੂੰ ਸੁਣਦਿਆਂ ਹੀ ਪੀੜਤ ਪਰਿਵਾਰ ਭੜਕ ਪਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ। ਲਾਇਲਪੁਰ ਖਾਲਸਾ ਕਾਲਜ ਦੇ ਸਾਹਮਣੇ ਇਸ ਨਿੱਜੀ ਹਸਪਤਾਲ ਵਿੱਚ ਜਦੋਂ ਆਕਸੀਜਨ ਮੁੱਕਣ ’ਤੇ ਹੰਗਾਮਾ ਹੋਇਆ ਤਾਂ ਉਸ ਵੇਲੇ 40 ਮਰੀਜ਼ਾਂ ਨੂੰ ਹਸਪਤਾਲ ਵਿੱਚ ਆਕਸੀਜਨ ਲੱਗੀ ਹੋਈ ਸੀ।
ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਦਾ ਨਜ਼ਦੀਕੀ ਮਰੀਜ਼ ਹਰਜੀਤ ਸਿੰਘ ਹਸਪਤਾਲ ਵਿੱਚ ਦਾਖਲ ਸੀ। ਉਸ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਸੀ ਤੇ ਉਸ ਨੂੰ ਲਗਾਤਾਰ ਆਕਸੀਜਨ ਦੀ ਲੋੜ ਸੀ। ਜਦੋਂ ਉਹ ਆਪਣੇ ਮਰੀਜ਼ ਦਾ ਹਾਲ-ਚਾਲ ਪੁੱਛ ਕੇ ਰਾਤ 11.00 ਵਜੇ ਵਾਪਸ ਆਏ ਤਾਂ 12.00 ਵਜੇ ਦੇ ਕਰੀਬ ਹਸਪਤਾਲ ਵਿੱਚੋਂ ਪਰਿਵਾਰ ਵਾਲਿਆਂ ਨੂੰ ਫੋਨ ਆ ਗਿਆ ਕਿ ਉਨ੍ਹਾਂ ਕੋਲ ਸਿਰਫ਼ 2 ਵਜੇ ਤੱਕ ਲਈ ਹੀ ਆਕਸੀਜਨ ਬਚੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਜਾਂ ਤਾਂ ਆਕਸੀਜਨ ਸਿਲੰਡਰ ਦਾ ਪ੍ਰਬੰਧ ਕਰ ਲੈਣ ਜਾਂ ਫਿਰ ਆਪਣੇ ਮਰੀਜ਼ ਨੂੰ ਕਿਤੇ ਹੋਰ ਲੈ ਜਾਣ। ਸ੍ਰੀ ਭਾਟੀਆ ਨੇ ਇਹ ਦਾਅਵਾ ਵੀ ਕੀਤਾ ਕਿ ਇਹ ਚਿਤਾਵਨੀ ਇਕੱਲੀ ਉਨ੍ਹਾਂ ਦੇ ਮਰੀਜ਼ ਨੂੰ ਹੀ ਨਹੀਂ ਦਿੱਤੀ ਗਈ ਸਗੋਂ ਹੋਰ ਮਰੀਜ਼ਾਂ ਨੂੰ ਵੀ ਆਕਸੀਜਨ ਦਾ ਪ੍ਰਬੰਧ ਕਰਨ ਲਈ ਦਬਾਅ ਪਾਇਆ ਗਿਆ। ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਗੁੱਸੇ ਵਿੱਚ ਆ ਗਏ ਤਾਂ ਹਸਪਤਾਲ ਨੇ ਕਿਸੇ ਤਰ੍ਹਾਂ ਦੋ ਆਕਸੀਜਨ ਸਿਲੰਡਰਾਂ ਦਾ ਇੰਤਜ਼ਾਮ ਕਰ ਲਿਆ।
ਇੱਕ ਹੋਰ ਮਰੀਜ਼ ਨਾਲ ਆਏ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਹਸਪਤਾਲ ਵਿੱਚ ਦਾਖ਼ਲ ਹੈ। ਦੁਪਹਿਰ ਵੇਲੇ ਤੱਕ ਉਨ੍ਹਾਂ ਨੂੰ ਆਕਸੀਜਨ ਘਟਣ ਬਾਰੇ ਕੋਈ ਜਾਣਕਾਰੀ ਹਸਪਤਾਲ ਨੇ ਨਹੀਂ ਦਿੱਤੀ ਪਰ ਲੰਘੀ ਰਾਤ 11.00 ਵਜੇ ਇਹ ਕਹਿ ਦਿੱਤਾ ਗਿਆ ਕਿ ਆਕਸੀਜਨ ਦੇ ਸਿਲੰਡਰ ਦਾ ਪ੍ਰਬੰਧ ਕਰ ਲਿਆ ਜਾਵੇ ਤੇ ਜੇਕਰ ਉਹ ਆਪਣੇ ਮਰੀਜ਼ ਲੈ ਕੇ ਜਾਣਾ ਚਾਹੁੰਦੇ ਹਨ ਤਾਂ ਲੈ ਜਾਣ।
ਇਹ ਰੌਲਾ-ਰੱਪਾ ਅਜੇ ਚੱਲ ਹੀ ਰਿਹਾ ਸੀ ਕਿ ਆਕਸੀਜਨ ਲੱਗੇ ਮਰੀਜ਼ਾਂ ਦੇ ਪਰਿਵਾਰਕ ਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਇਕੱਠੇ ਹੋਣੇ ਸ਼ੁਰੂ ਹੋ ਗਏ। ਪੀੜਤ ਪਰਿਵਾਰਾਂ ਨੇ ਦੋਸ਼ ਲਾਇਆ ਕਿ ਹਸਪਤਾਲ ਨੇ ਹਮਦਰਦੀ ਵਾਲਾ ਰਵੱਈਆ ਰੱਖਣ ਦੀ ਥਾਂ ਇਹ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਮੀਡੀਆ ਵਾਲਿਆਂ ਕੋਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਇਹ ਗੱਲ ਯਾਦ ਰੱਖਣ ਕਿ ਉਨ੍ਹਾਂ ਦੇ ਮਰੀਜ਼ ਅਜੇ ਵੀ ਹਸਪਤਾਲ ਵਿੱਚ ਦਾਖਲ ਹਨ ਤੇ ਹਸਪਤਾਲ ਦੀ ਨਿਗਰਾਨੀ ਹੇਠ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।