ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 27 ਜੁਲਾਈ
ਸਬ-ਡਿਵੀਜ਼ਨ ਆਦਮਪੁਰ ਅਧੀਨ ਪੈਂਦੇ ਥਾਣਾ ਪਤਾਰਾ ਦੀ ਪੁਲੀਸ ਪਾਰਟੀ ਵੱਲੋਂ ਬੀਤੇ ਦਿਨ ਪਿੰਡ ਸੇਮੀ ਵਿੱਚ ਜਗਦੀਸ਼ ਲਾਲ ਉਰਫ਼ ਜੁੰਮਾ ਬਾਬਾ ਦੇ ਹੋਏ ਕਤਲ ਦੇ ਕੇਸ ਦੀ ਗੁੱਥੀ 24 ਘੰਟਿਆਂ ਅੰਦਰ ਸੁਲਝਾ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਸਰਬਜੀਤ ਸਿੰਘ ਰਾਏ ਨੇ ਦੱਸਿਆ ਕਿ 26 ਜੁਲਾਈ ਨੂੰ ਇੰਸਪੈਕਟਰ ਅਰਸ਼ਦੀਪ ਕੌਰ ਮੁੱਖ ਅਫ਼ਸਰ ਥਾਣਾ ਪਤਾਰਾ ਕੋਲ ਅਜੇ ਕੁਮਾਰ ਤੇ ਹਰਵਿੰਦਰ ਸਿੰਘ ਵਾਸੀਆਨ ਸੇਮੀ ਪਿੰਡ ਨੇ ਆ ਕੇ ਦੱਸਿਆ ਕਿ ਉਸ ਦੇ ਪਿਤਾ ਜਗਦੀਲ ਲਾਲ ਉਰਫ਼ ਜੁੰਮਾ ਬਾਬਾ ਪੁੱਤਰ ਜੀਤ ਰਾਮ ਦਾ ਕਤਲ ਅਣਪਛਾਤੇ ਵਿਅਕਤੀਆਂ ਨੇ ਕਰ ਦਿੱਤਾ ਹੈ। ਥਾਣਾ ਪਤਾਰਾ ਵਿੱਚ ਕੇਸ ਦਰਜ ਕਰ ਕੇ ਮੁਢਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ। ਤਫ਼ਤੀਸ਼ ਦੌਰਾਨ ਦਲਜੀਤ ਸਿੰਘ ਵਾਸੀ ਪਿੰਡ ਸੇਮੀ ਨੂੁੰ ਹਿਰਾਸਤ ਵਿੱਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਨੇ ਮੰਨਿਆ ਕਿ ਉਹ ਡੇਰੇ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਇਸ ਸਬੰਧੀ ਇਹ ਗੱਲ ਸਾਹਮਣੇ ਆਈ ਹੈ ਕਿ ਦਲਜੀਤ ਸਿੰਘ ਬਾਬੇ ਜਗਦੀਸ਼ ਲਾਲ ਉਰਫ ਜੁੰਮਾ ਬਾਬਾ ਵਾਲੀ ਜਗ੍ਹਾ ’ਤੇ ਆਪਣਾ ਹੱਕ ਜਤਾਉਂਦਾ ਸੀ ਜਿਸ ਕਰਕੇ ਉਸ ਨੇ ਜਗਦੀਸ਼ ਲਾਲ ਉਰਫ਼ ਜੁੰਮਾ ਬਾਬਾ ਦੇ ਸਿਰ ’ਤੇ ਦਾਤਰ ਨਾਲ ਕਈ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।