ਦਸੂਹਾ: ਇੱਥੇ ਚੌਲਾਂਗ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ‘ਆਪ’ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨਾਲ ਕਥਿਤ ਬਦਸਲੂਕੀ ਕੀਤੇ ਜਾਣ ਦਾ ਮਾਮਲਾ ਭਖ ਗਿਆ ਹੈ। ਵਿਧਾਇਕ ਘੁੰਮਣ ਨੇ ਦੋਸ਼ ਲਾਇਆ ਕਿ ਟੌਲ ਪਲਾਜ਼ਾ ਮੁਲਾਜ਼ਮਾਂ ਤੇ ਪ੍ਰਬੰਧਕਾਂ ਵੱਲੋਂ ਹੁਣ ਵਿਧਾਇਕਾਂ ਲਈ ਵੀ ਵੀਆਈਪੀ ਲੇਨ ਨਹੀਂ ਖੋਲ੍ਹੀ ਜਾ ਰਹੀ। ਉਨ੍ਹਾਂ ਦੱਸਿਆ ਕਿ 7 ਅਗਸਤ ਨੂੰ ਚੌਲਾਂਗ ਟੌਲ ਪਲਾਜ਼ਾ ਪਾਰ ਕਰਨ ਸਮੇਂ ਬੈਰੀਕੇਡ ਨਹੀਂ ਖੋਲ੍ਹਿਆ ਗਿਆ। ਕੁਝ ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਉਨ੍ਹਾਂ ਦੇ ਗੰਨਮੈਨ ਨੇ ਬੈਰੀਕੇਡ ਹਟਾ ਦਿੱਤਾ ਜਿਸ ਮਗਰੋਂ ਟੌਲ ਪਲਾਜ਼ਾ ਦੇ ਕਰਮਚਾਰੀਆਂ ਤੇ ਪ੍ਰਬੰਧਕਾਂ ਨੇ ਉਨ੍ਹਾਂ ਨਾਲ ਬਹਿਸ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਦਸੂਹਾ ਨੂੰ ਸੂਚਿਤ ਕਰ ਦਿੱਤਾ ਹੈ। ਇਹ ਮਾਮਲਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ’ਚ ਵੀ ਲਿਆ ਦਿੱਤਾ ਗਿਆ ਹੈ। ਇਸ ਸਬੰਧੀ ਚੌਲਾਂਗ ਟੌਲ ਪਲਾਜ਼ਾ ਦੇ ਪ੍ਰਬੰਧਕਾਂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਦੋਂ ਵਿਧਾਇਕ ਦੀ ਗੱਡੀ ਪੁੱਜੀ ਤਾਂ ਬੈਰੀਕੇਡ ਚੁੱਕਣ ’ਚ ਕੁਝ ਦੇਰੀ ਹੋਣ ’ਤੇ ਵਿਧਾਇਕ ਵੱਲੋਂ ਇਸ ’ਤੇ ਇਤਰਾਜ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਗਈ। -ਪੱਤਰ ਪ੍ਰੇਰਕ