ਪੱਤਰ ਪ੍ਰੇਰਕ
ਸ਼ਾਹਕੋਟ, 3 ਜੂਨ
ਜਮਹੂਰੀ ਕਿਸਾਨ ਸਭਾ ਪੰਜਾਬ ਨੇ ਬਲਰਾਜ ਸਿੰਘ ਕੋਟਉਮਰਾ, ਮਨੋਹਰ ਸਿੰਘ ਗਿੱਲ, ਸੰਤੋਖ ਸਿੰਘ ਬਿਲਗਾ ਅਤੇ ਭੀਮ ਸਿੰਘ ਆਲਮਪੁਰ ਦੀ ਪ੍ਰਧਾਨਗੀ ਹੇਠ ਪਿੰਡ ਸੰਗੋਵਾਲ ਦੇ ਨਜ਼ਦੀਕ ਧਰਤੀ ਦੇ ਗੰਧਲੇ ਤੇ ਖ਼ਤਮ ਹੋ ਰਹੇ ਪਾਣੀ ਅਤੇ ਅਬਾਦਕਾਰਾਂ ਦੇ ਕੀਤੇ ਜਾ ਰਹੇ ਜਬਰੀ ਉਜਾੜੇ ਖ਼ਿਲਾਫ਼ ਵਿਸ਼ਾਲ ਕਨਵੈਨਸ਼ਨ ਕਰ ਕੇ ਦਰਿਆ ਵਿਚ ਪੈਣ ਵਾਲੇ ਗੰਦੇ ਪਾਣੀ ਨੂੰ ਰੋਕਣ ਦਾ ਸੱਦਾ ਦਿੱਤਾ। ਕਨਵੈਨਸ਼ਨ ਦੀ ਸ਼ੁਰੂਆਤ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਦਰਸਾਏ ਕੁਰਬਾਨੀ ਵਰਗੇ ਸਾਹਸੀ ਕਦਮਾਂ ’ਤੇ ਚੱਲਣ ਦਾ ਅਹਿਦ ਲਿਆ ਗਿਆ। ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਪ੍ਰੋਫੈਸਰ ਜੈ ਪਾਲ ਸਿੰਘ ਅਤੇ ਮੋਹਣ ਸਿੰਘ ਧਮਾਣਾ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਕਿਹਾ ਕਿ ਨਾਜਾਇਜ਼ ਕਬਜ਼ੇ ਹਟਾਉਣ ਦੀ ਆੜ ਵਿਚ ਸਰਕਾਰ ਅਬਾਦਕਾਰਾਂ ਦਾ ਉਜਾੜਾ ਕਰ ਰਹੀ ਹੈ। ਇਸ ਮੌਕੇ ਮੰਗ ਕੀਤੀ ਗਈ ਕਿ ਪਾਣੀ ਤੇ ਧਰਤੀ ਨੂੰ ਬਚਾਉਣ ਲਈ ਸਰਕਾਰ ਖੇਤੀ ਦਾ ਬਦਲਵਾਂ ਪ੍ਰਬੰਧ ਕਰੇ ਅਤੇ ਅਬਾਦਕਾਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਵੇ।