ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 22 ਅਕਤੂਬਰ
ਜਲੰਧਰ ਦੇ ਪ੍ਰੈੱਸ ਕਲੱਬ ਵਿੱਚ ਜਰਨੈਲ ਬੱਧਣ ਦੀ ਪੁਸਤਕ ‘ਰੇਡੀਓ ਦੀ ਕਹਾਣੀ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਸਮਾਗਮ ਦੌਰਾਨ ਪੁਸਤਕ ’ਤੇ ਪਰਚਾ ਪੜ੍ਹਦਿਆਂ ਬਾਲ ਸਾਹਿਤਕਾਰ ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਰੇਡੀਓ ਸਾਡੇ ਸਾਰਿਆਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਰਿਹਾ ਹੈ ਤੇ ਹੁਣ ਵੀ ਹੈ। ਰੇਡੀਓ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਦੀ ਨੁਮਾਇੰਦਗੀ ਕਰਦਾ ਹੈ ਤੇ ਹਰ ਵਰਗ ਲਈ ਰੇਡੀਓ ’ਤੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ। ਇਸ ਲਈ ਜਰਨੈਲ ਬੱਧਣ ਦੀ ਇਹ ਪੁਸਤਕ ਬੱਚਿਆਂ ਲਈ ਬਹੁਤ ਲਾਹੇਵੰਦ ਰਹੇਗੀ। ਇਸ ਸਮਾਗਮ ਦੀ ਪ੍ਰਧਾਨਗੀ ਸੁਰਿੰਦਰ ਸਿੰਘ ਸੁੰਨੜ ਵੱਲੋਂ ਕੀਤੀ ਗਈ, ਜਦੋਂਕਿ ਡਾ. ਉਂਕਾਰ ਸਿੰਘ ਵੜੈਚ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਲੋਕ ਮੰਚ ਪੰਜਾਬ ਦੇ ਚੇਅਰਮੈਨ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਹੋਰਾਂ ਨੇ ਜਰਨੈਲ ਸਿੰਘ ਬੱਧਣ ਦੇ ਸਾਹਿਤਕ ਸਫਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਰਨੈਲ ਬੱਧਣ ਦੀ ਇਹ ਪੁਸਤਕ ਬੇਸ਼ਕੀਮਤੀ ਹੈ, ਜਿਸ ਤੋਂ ਬੱਚਿਆ ਨੂੰ ਰੇਡੀਓ ਦੇ ਇਤਿਹਾਸ ਬਾਰੇ ਜਾਣਕਾਰੀ ਮਿਲੇਗੀ।