ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 23 ਅਗਸਤ
ਪਿੰਡ ਧੋਗੜੀ ਦੇ ਛੱਪੜ ਵਿੱਚੋਂ 11 ਸਾਲਾਂ ਬੱਚੇ ਦੀ ਲਾਸ਼ ਮਿਲੀ। ਮੌਕੇ ’ਤੇ ਪਹੁੰਚੀ ਆਦਮਪੁਰ ਦੀ ਪੁਲੀਸ ਨੇ ਬੱਚੇ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਥਾਣਾ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਪਿੰਡ ਧੋਗੜੀ ਦਾ ਛੇਵੀਂ ਜਮਾਤ ਵਿੱਚ ਪੜ੍ਹਦਾ 11 ਸਾਲਾਂ ਬੱਚਾ ਜਸ਼ਨਪ੍ਰੀਤ ਪੁੱਤਰ ਬਲਜੀਤ ਸਿੰਘ ਬੀਤੇ ਦਿਨੀਂ ਸਕੂਲ ’ਚੋਂ ਛੁੱਟੀ ਹੋਣ ਤੋਂ ਬਾਅਦ ਆਪਣਾ ਬਸਤਾ ਘਰ ਛੱਡ ਕੇ ਪਰਿਵਾਰ ਨੂੰ ਬਿਨਾਂ ਦੱਸੇ ਪਿੰਡ ਦੇ ਬੱਚਿਆਂ ਨਾਲ ਪਿੰਡ ਦੇ ਇੱਕ ਛੱਪੜ ਵਿੱਚ ਨਹਾਉਣ ਚਲਾ ਗਿਆ। ਪਾਣੀ ਡੂੰਘਾ ਹੋਣ ਕਰ ਕੇ ਜਸ਼ਨਪ੍ਰੀਤ ਡੁੱਬ ਗਿਆ ਤੇ ਇਸ ਨਾਲ ਗਏ ਬੱਚੇ ਆਪਣੇ ਘਰਾਂ ਨੂੰ ਆ ਗਏ। ਡਰੇ ਹੋਏ ਬੱਚਿਆਂ ਨੇ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ। ਜਸ਼ਨਪ੍ਰੀਤ ਦੇ ਘਰ ਨਾ ਆਉਣ ਕਰ ਕੇ ਰਾਤ ਤੱਕ ਪਰਿਵਾਰ ਵੱਲੋਂ ਉਸ ਦੀ ਕਾਫੀ ਭਾਲ ਕੀਤੀ ਗਈ ਪਰ ਕੋਈ ਉੱਘ-ਸੁੱਘ ਨਾ ਮਿਲੀ। ਅੱਜ ਸਵੇਰੇ ਪਰਿਵਾਰ ਨੂੰ ਜਸ਼ਨਪ੍ਰੀਤ ਦੀ ਲਾਸ਼ ਪਿੰਡ ਦੇ ਨੇੜੇ ਨਜ਼ਦੀਕ ਛੱਪੜ ਕੰਢਿਉਂ ਮਿਲੀ। ਡੀਐੱਸਪੀ ਆਦਮਪੁਰ ਸਰਬਜੀਤ ਸਿੰਘ ਰਾਏ ਤੇ ਹੋਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ। ਆਦਮਪੁਰ ਪੁਲੀਸ ਨੇ 174 ਦੀ ਕਾਰਵਾਈ ਕੀਤੀ।