ਪੱਤਰ ਪੇ੍ਰਕ
ਹੁਸ਼ਿਆਰਪੁਰ, 4 ਫ਼ਰਵਰੀ
ਨਗਰ ਨਿਗਮ ਹੁਸ਼ਿਆਰਪੁਰ ਅਤੇ ਜ਼ਿਲ੍ਹੇ ਦੀਆਂ ਹੋਰ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਜਿੱਥੇ ਕਾਂਗਰਸ ਹੂੰਝਾਫ਼ੇਰ ਜਿੱਤ ਦਾ ਦਾਅਵਾ ਕਰ ਰਹੀ ਹੈ, ਉੱਥੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਹੀ ਖੜ੍ਹੇ ਨਹੀਂ ਕੀਤੇ। ਪਿਛਲੀ ਵਾਰੀ ਨਗਰ ਨਿਗਮ ਤੇ ਸ਼੍ਰੋਮਣੀ ਅਕਾਲੀ ਦੇ ਸਹਿਯੋਗ ਨਾਲ ਕਬਜ਼ਾ ਕਰਨ ਵਾਲੀ ਭਾਜਪਾ ਨੂੰ ਇਸ ਵਾਰ ਉਮੀਦਵਾਰ ਲੱਭਣ ’ਚ ਕਾਫ਼ੀ ਦਿੱਕਤ ਪੇਸ਼ ਆਈ। ਖਾਸ ਤੌਰ ’ਤੇ ਉਨ੍ਹਾਂ ਸੀਟਾਂ ’ਤੇ ਜੋ ਪਹਿਲਾਂ ਅਕਾਲੀ ਦਲ ਲੜਦਾ ਸੀ। ਹੁਸ਼ਿਆਰਪੁਰ ਸ਼ਹਿਰ ਦੇ ਵਾਰਡ ਨੰਬਰ-25 ਜੋ ਐਸ.ਸੀ ਔਰਤਾਂ ਲਈ ਰਾਖਵਾਂ ਹੈ, ਤੋਂ ਕੋਈ ਉਮੀਦਵਾਰ ਖੜ੍ਹਾ ਨਹੀਂ ਹੋਇਆ। ਪਾਰਟੀ ਦਾ ਦੋਸ਼ ਹੈ ਕਿ ਉਨ੍ਹਾਂ ਦੀ ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਅੰਦਰ ਜਾਣ ਹੀ ਨਹੀਂ ਦਿੱਤਾ ਗਿਆ।
ਸ਼ਾਮਚੁਰਾਸੀ ਨਗਰ ਕੌਂਸਲ ਦੀ ਚੋਣ ਲਈ ਭਾਜਪਾ ਨੇ ਇਕ ਵੀ ਉਮੀਦਵਾਰ ਖੜ੍ਹਾ ਨਹੀਂ ਕੀਤਾ। ਕੇਵਲ ਮੁਕੇਰੀਆਂ ਹਲਕੇ ’ਚ ਪਾਰਟੀ ਸਾਰੀਆਂ ਸੀਟਾਂ ਆਪਣੇ ਚੋਣ ਨਿਸ਼ਾਨ ’ਤੇ ਲੜ ਰਹੀ ਹੈ। ਗੜ੍ਹਸ਼ੰਕਰ ਦੇ 13 ਵਾਰਡਾਂ ’ਚੋਂ ਕੇਵਲ 2, ਗੜ੍ਹਦੀਵਾਲਾ ’ਚ 11 ਵਿਚੋਂ 4, ਟਾਂਡਾ ਦੇ 15 ਵਿਚੋਂ 10, ਦਸੂਹਾ ਦੇ 15 ’ਚੋਂ 12 ਅਤੇ ਹਰਿਆਣਾ ਦੇ 11 ’ਚੋਂ 3 ਵਾਰਡਾਂ ਵਿਚ ਹੀ ਭਾਜਪਾ ਦੇ ਉਮੀਦਵਾਰ ਖੜ੍ਹੇ ਹਨ। ਕਿਸਾਨ ਅੰਦੋਲਨ ਦੇ ਸਾਏ ਕਰਕੇ ਜਿਹੜੇ ਉਮੀਦਵਾਰ ਖੜ੍ਹੇ ਵੀ ਹਨ, ਉਹ ਵੀ ਖੁੱਲ੍ਹ ਕੇ ਪ੍ਰਚਾਰ ਨਹੀਂ ਕਰ ਰਹੇ। ਹੋਰਨਾਂ ਪਾਰਟੀਆਂ ਦੇ ਮੁਕਾਬਲੇ ਭਾਜਪਾ ਦੇ ਫ਼ਲੈਕਸ ਤੇ ਬੋਰਡ ਬਹੁਤ ਘੱਟ ਦਿਖਾਈ ਦੇ ਰਹੇ ਹਨ। ਵਿਰੋਧ ਦੇ ਡਰੋਂ ਕਈ ਉਮੀਵਾਰ ਪਾਰਟੀ ਨਿਸ਼ਾਨ ਦੀ ਬਜਾਏ ਅਜ਼ਾਦ ਚੋਣ ਲੜ ਰਹੇ ਹਨ। ਨਾਜ਼ਮਦਗੀਆਂ ਵੀ ਬਿਨਾਂ ਕਿਸੇ ਲਾਮ ਲਸ਼ਕਰ ਜਾਂ ਸ਼ੋਰ ਸ਼ਰਾਬੇ ਦੇ ਭਰੀਆਂ ਗਈਆਂ।
ਪਾਰਟੀ ਦੇ ਚੋਣ ਅਬਜ਼ਰਵਰ ਰਾਜਿੰਦਰ ਭੰਡਾਰੀ ਨੇ ਦੋਸ਼ ਲਗਾਇਆ ਕਿ ਕਿਸਾਨਾਂ ਦੀ ਆੜ ਹੇਠ ਕਾਂਗਰਸ ਵਲੋਂ ਭਾਜਪਾ ਉਮੀਦਵਾਰਾਂ ਨੂੰ ਧਮਕਾਇਆ ਜਾ ਰਿਹਾ ਹੈ। ਕਿਤੇ-ਕਿਤੇ ਅਕਾਲੀ ਵੀ ਅਜਿਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਕੱਲੇ ਹੁਸ਼ਿਆਰਪੁਰ ਹੀ ਨਹੀਂ, ਪੰਜਾਬ ਦੇ ਹੋਰ ਸ਼ਹਿਰਾਂ ’ਚ ਵੀ ਕਾਂਗਰਸ ਚੋਣਾਂ ਜਿੱਤਣ ਲਈ ਘਟੀਆ ਹਥਕੰਡੇ ਅਪਣਾ ਰਹੀ ਹੈ। ਦੂਜੇ ਪਾਸੇ ਕਾਂਗਰਸ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਭਾਜਪਾ ਨੂੰ ਚੋਣਾਂ ਲੜਾਉਣ ਲਈ ਉਮੀਦਵਾਰ ਹੀ ਨਹੀਂ ਮਿਲੇ। ਉਨ੍ਹਾਂ ਕਾਂਗਰਸ ’ਤੇ ਲੱਗ ਰਹੇ ਧੱਕੇਸ਼ਾਹੀ ਦੇ ਦੋਸ਼ਾਂ ਦਾ ਖੰਡਨ ਕੀਤਾ।
ਮਜੀਠਾ: ਭਾਜਪਾ ਨੂੰ ਨਾ ਮਿਲਿਆ ਕੋਈ ਉਮੀਦਵਾਰ
ਮਜੀਠਾ (ਰਾਜਨ ਮਾਨ): ਕਿਸਾਨ ਸੰਘਰਸ਼ ਦਾ ਅਸਰ ਨਗਰ ਕੌਂਸਲ ਮਜੀਠਾ ਦੀਆਂ ਚੋਣਾਂ ਵਿੱਚ ਉਸ ਵਕਤ ਵੇਖਣ ਨੂੰ ਮਿਲਿਆ ਜਦੋਂ ਭਾਰਤੀ ਜਨਤਾ ਪਾਰਟੀ ਨੂੰ ਕੋਈ ਵੀ ਉਮੀਦਵਾਰ ਇਥੋ ਚੋਣਾਂ ਵਿੱਚ ਖੜ੍ਹਾ ਕਰਨ ਲਈ ਨਹੀਂ ਮਿਲਿਆ। ਇਥੋਂ 72 ਉਮੀਦਵਾਰਾਂ ਨੇ ਨਾਮਜ਼ਾਦਗੀ ਪੇਪਰ ਦਾਖਲ ਕਰਵਾਏ ਹਨ। ਇਸ ਕੌਂਸਲ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੈਦਾਨ ਵਿੱਚ ਹਨ। ਇਥੋਂ ਭਾਵੇਂ ਆਪ ਵਲੋਂ ਵੀ ਮੈਦਾਨ ਵਿੱਚ ਆਪਣੇ ਉਮੀਦਵਾਰ ਉਤਾਰੇ ਗਏ ਹਨ ਪਰ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਵਿਚਕਾਰ ਨਜ਼ਰ ਆ ਰਿਹਾ ਹੈ। ਸਾਰੀਆਂ ਹੀ ਸਿਆਸੀ ਧਿਰਾਂ ਵਲੋਂ ਆਪੋ ਆਪਣੇ ਉਮੀਦਵਾਰਾਂ ਲਈ ਜ਼ੋਰ ਲਗਾਏ ਜਾ ਰਹੇ ਹਨ। ਭਾਜਪਾ ਦੇ ਕਿਸਾਨ ਵਿਰੋਧੀ ਚਿਹਰੇ ਨੂੰ ਵੇਖਦੇ ਹੀ ਲੋਕਾਂ ਵਲੋਂ ਇਸ ਤੋਂ ਮੂੰਹ ਮੋੜਿਆ ਜਾ ਰਿਹਾ ਨਜ਼ਰ ਆ ਰਿਹਾ ਹੈ। ਕਾਂਗਰਸ ਪਾਰਟੀ ਵਲੋਂ ਮਜੀਠਾ ਹਲਕੇ ਤੋਂ ਪਾਰਟੀ ਦੀ ਟਿਕਟ ’ਤੇ ਚੋਣ ਲੜੇ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਤੇ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਵਲੋਂ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਵਿਧਾਇਕ ਬਿਕਰਮ ਸਿੰਘ ਮਜੀਠਾ ਵਲੋਂ ਚੋਣ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ।
ਅਕਾਲੀਆਂ ਤੇ ਪੁਲੀਸ ਵਿਚਾਲੇ ਬਹਿਸ, ਤਣਾਅਪੂਰਨ ਵਧਿਆ
ਕਾਦੀਆਂ (ਪੱਤਰ ਪੇ੍ਰਕ): ਨਗਰ ਕੌਂਸਲ ਕਾਦੀਆਂ ’ਚ ਨਾਮਜ਼ਦਗੀ ਪੇਪਰਾਂ ਦੀ ਜਾਂਚ ਪੜਤਾਲ ਨੂੰ ਲੈ ਕੇ ਇੱਥੇ ਹਾਲਾਤ ਕਾਫ਼ੀ ਤਣਾਅਪੂਰਨ ਬਣੇ ਹੋ ਗਏ। ਐਸਜੀਪੀਸੀ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਦੀ ਸਥਾਨਕ ਡੀਐਸਪੀ ਨੂੰ ਲੈ ਕੇ ਗਰਮਾ-ਗਰਮੀ ਵੀ ਹੋਈ ਅਤੇ ਡੀ ਐਸ ਪੀ ਨੇ ਉਨ੍ਹਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਪਿੱਛੇ ਨੂੰ ਧਕੇਲ ਦਿੱਤਾ। ਅਕਾਲੀ ਦਲ (ਬ) ਦੇ ਜਥੇਬੰਦਕ ਜਨਰਲ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਹੈ ਕਿ ਹਲਕਾ ਕਾਦੀਆਂ ਦਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਚੋਣ ਅਧਿਕਾਰੀ ਕੋਲ ਸਵੇਰ ਤੋਂ ਬੈਠਾ ਹੈ। ਅਤੇ ਉਹ ਅਕਾਲੀ ਦਲ (ਬ) ਨਾਲ ਸਬੰਧਿਤ ਉਮੀਦਵਾਰਾਂ ਦੇ ਕਾਗ਼ਜ਼ਾਤ ਰੱਦ ਕਰਵਾ ਸਕਦਾ ਹੈ। ਇਨ੍ਹਾਂ ਆਗੂਆਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਹੈ ਜੋ ਵੀ ਦੋਸ਼ੀ ਅਧਿਕਾਰੀ ਹਨ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।
ਕਪੂਰਥਲਾ ਵਿੱਚ 318 ਅਤੇ ਸੁਲਤਾਨਪੁਰ ਲੋਧੀ ਵਿੱਚ 68 ਨਾਮਜ਼ਦਗੀਆਂ
ਕਪੂਰਥਲਾ (ਧਿਆਨ ਸਿੰਘ ਭਗਤ): ਕਪੂਰਥਲਾ ਨਗਰ ਨਿਗਮ ਤੇ ਸੁਲਤਾਨਪੁਰ ਲੋਧੀ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੇਪਰ ਦਾਖਲ ਕਰਨ ਦੀ ਪ੍ਰਕ੍ਰਿਆ ਮੁਕੰਮਲ ਹੋ ਗਈ ਹੈ। ਵਧੀਕ ਜਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ ਪੀ ਆਂਗਰਾ ਨੇ ਦੱਸਿਆ ਕਿ 30 ਜਨਵਰੀ ਤੋਂ 3 ਫਰਵਰੀ ਤੱਕ ਨਾਮਜ਼ਦਗੀ ਪ੍ਰਕ੍ਰਿਆ ਦੌਰਾਨ ਕਪੂਰਥਲਾ ਨਗਰ ਨਿਗਮ ਲਈ ਕੁੱਲ 318 ਨਾਮਜ਼ਦਗੀ ਪੱਤਰ ਦਾਖਲ ਹੋਏ, ਜਿਸ ਵਿਚੋਂ ਅੱਜ 149 ਨਾਮਜ਼ਦਗੀਆਂ ਹੋਈਆਂ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਨਗਰ ਕੌਂਸਲ ਲਈ ਅੱਜ 50 ਨਾਮਜ਼ਦਗੀ ਪੱਤਰ ਦਾਖਲ ਹੋਏ ਜਿਸ ਨਾਲ ਕੁੱਲ ਨਾਮਜ਼ਦਗੀਆਂ 68 ਹੋ ਗਈਆਂ ਹਨ।