ਪਾਲ ਸਿੰਘ ਨੌਲੀ
ਜਲੰਧਰ, 26 ਨਵੰਬਰ
ਪੁਲੀਸ ਦੇ ਇੱਕ ਏਐਸਆਈ ਨੂੰ ਨਸ਼ਾ ਦੇ ਝੂਠੇ ਕੇਸ ਵਿੱਚ ਫਸਾਉਣ ਦਾ ਡਰਾਵਾ ਦੇ ਕੇ ਰਿਸ਼ਵਤ ਮੰਗਣਾ ਏਨਾ ਮਹਿੰਗਾ ਪਿਆ ਕਿ ਉਸ ਏਐੱਸਆਈ ਨੂੰ ਹੀ ਵਿਜੀਲੈਂਸ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਨਸ਼ੇ ਦਾ ਮਾਮਲਾ ਦਰਜ ਕਰ ਦਿੱਤਾ ਹੈ।ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਜੰਡੂ ਸਿੰਘਾ ਦੀ ਪੁਲੀਸ ਚੌਕੀ ਵਿੱਚ ਤਾਇਨਾਤ ਏਐੱਸਆਈ ਸੁਖਦੇਵ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਇੱਕ ਨਸ਼ਾ ਛੱਡਣ ਵਾਲੇ ਵਿਅਕਤੀ ਨੂੰ ਨਸ਼ਾ ਵੇਚਣ ਦੇ ਝੂਠੇ ਕੇਸ ਵਿੱਚ ਫਸਾਉਣ ਦਾ ਡਰਾਵਾ ਦੇ ਰਿਹਾ ਸੀ ਤੇ ਉਸ ਕੋਲੋ 25 ਹਾਜ਼ਰ ਰੁਪਏ ਰਿਸ਼ਵਤ ਮੰਗ ਰਿਹਾ ਸੀ। ਵਿਜੀਲੈਂਸ ਦੇ ਡੀਐੱਸਪੀ ਦਲਬੀਰ ਸਿੰਘ ਨੇ ਦੱਸਿਆ ਕਿ ਮਕਸੂਦਾ ਦੇ ਰਹਿਣ ਵਾਲੇ ਹਰਮਨਜੀਤ ਸਿੰਘ (ਬਦਲਿਆ ਹੋਇਆ ਨਾਂਅ) ਨੇ ਵਿਜੀਲੈਂਸ ਬਿਊਰੋ ਦੇ ਦਫਤਰ ਆਪਣੀ ਪਤਨੀ ਸਮੇਤ ਆ ਕੇ ਸਾਰੀ ਕਹਾਣੀ ਦੱਸੀ ਸੀ। ਜੰਡੂ ਸਿੰਘਾ ਪੁਲੀਸ ਚੌਕੀ ਇੰਚਾਰਜ ਏਐੱਸਆਈ ਸੁਖਦੇਵ ਸਿੰਘ ਪੈਸਿਆਂ ਦਾ ਪ੍ਰਬੰਧ ਕਰਨ ਲਈ ਉਸ ਨੂੰ ਛੱਡ ਦਿੰਦਾ ਹੈ ਪਰ ਉਸ ਦਾ ਮੋਟਰ ਸਾਈਕਲ ਤੇ ਮੋਬਾਇਲ ਫੋਨ ਗੈਰਕਾਨੂੰਨੀ ਤੌਰ ’ਤੇ ਆਪਣੇ ਕੋਲ ਰੱਖ ਲੈਂਦਾ ਹੈ।ਵਿਜੀਲੈਂਸ ਟੀਮ ਕੋਲ ਏਐੱਸਆਈ ਸੁਖਦੇਵ ਸਿੰਘ ਦਾਅਵਾ ਕਰਦਾ ਹੈ ਕਿ ਉਸ ਕੋਲੋਂ 40 ਗ੍ਰਾਮ ਨਸ਼ਾ ਬਰਾਮਦ ਹੋਇਆ ਹੈ ਤਾਂ ਵਿਜੀਲੈਂਸ ਦੀ ਟੀਮ ਪੁੱਛਿਆ ਕਿ ਜੇ ਨਸ਼ਾ ਫੜਿਆ ਹੈ ਤਾਂ ਉਸ ਵਿਰੁੱਧ ਕੀ ਕਾਰਵਾਈ ਕੀਤੀ ਗਈ। ਏਐੱਸਆਈ ਕੋਈ ਤੱਸਲੀਬਖਸ਼ ਜਵਾਬ ਨਹੀਂ ਦੇ ਸਕਿਆ ਤਾਂ ਵਿਜੀਲੈਂਸ ਟੀਮ ਨੇ ਏਐੱਸਆਈ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।