ਪੱਤਰ ਪ੍ਰੇਰਕ
ਆਦਮਪੁਰ ਦੋਆਬਾ(ਜਲੰਧਰ), 4 ਸਤੰਬਰ
ਨੌਜਵਾਨਾਂ ਨੂੰ ਸਿਵਲ ਸੇਵਾਵਾਂ (ਯੂ.ਪੀ.ਐਸ.ਸੀ.) ਦੀ ਪ੍ਰੀਖਿਆ ਦੀ ਤਿਆਰੀ ਲਈ ਮੁਫਤ ਕੋਚਿੰਗ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਤਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰੀਖਿਆ ਕਰਵਾਈ ਗਈ, ਜਿਸ ਵਿੱਚ ਚੁਣੇ ਜਾਣ ਵਾਲੇ 25 ਉਮੀਦਵਾਰ ਇਕ ਸਾਲ ਦੀ ਮੁਫਤ ਆਨਲਾਈਨ ਕੋਚਿੰਗ ਦਾ ਲਾਭ ਲੈ ਸਕਣਗੇ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਈ.ਏ.ਐਸ. ਸੇਤੂ ਅਕੈਡਮੀ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ 2 ਘੰਟੇ ਦੀ ਆਫਲਾਈਨ ਪ੍ਰੀਖਿਆ ਕਰਵਾਈ ਗਈ, ਜਿਸ ਵਿੱਚ ਯੂ.ਪੀ.ਐੱਸ.ਸੀ. ਦੇ ਸਿਲੇਬਸ ਵਿੱਚੋਂ ਪ੍ਰਸ਼ਨ ਪੁੱਛੇ ਗਏ ਸਨ। ਉਨ੍ਹਾਂ ਦੱਸਿਆ ਕਿ 25 ਉਮੀਦਵਾਰਾਂ ਦੀ ਮੈਰਿਟ ਦੇ ਆਧਾਰ ’ਤੇ ਚੋਣ ਕੀਤੀ ਜਾਵੇਗੀ, ਜਿਨ੍ਹਾਂ ਨੂੰ ਅਗਲੇ ਸਾਲ ਯੂ.ਪੀ.ਐੱਸ.ਸੀ. ਪ੍ਰੀਖਿਆ ਦੀ ਤਿਆਰੀ ਲਈ ਇਕ ਸਾਲ ਦੀ ਮੁਫਤ ਆਨਲਾਈਨ ਕੋਚਿੰਗ ਦਿੱਤੀ ਜਾਵੇਗੀ, ਜਿਨ੍ਹਾਂ ਦੇ ਨਾਵਾਂ ਦਾ ਐਲਾਨ ਇਕ ਹਫਤੇ ਦੇ ਅੰਦਰ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ ਆਈ.ਏ.ਐਸ. ਸੇਤੂ ਅਕੈਡਮੀ ਦੇ ਵੱਖ-ਵੱਖ ਵਿਸ਼ਿਆਂ ਦੇ ਮਾਹਰ ਸਟਾਫ ਵੱਲੋਂ ਆਨਲਾਈਨ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਜਸਪ੍ਰੀਤ ਸਿੰਘ ਨੇ ਕਿਹਾ ਕਿ ਮੁਫਤ ਕੋਚਿੰਗ ਦੀ ਸਹੂਲਤ ਨਾਲ ਨੌਜਵਾਨ ਪ੍ਰੀਖਿਆ ਦੀ ਤਿਆਰੀ ਬਿਹਤਰ ਢੰਗ ਨਾਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਭਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੀਆਂ ਪਹਿਲਕਦਮੀਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।