ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 18 ਅਗਸਤ
ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਦੀ ਦਖਲਅੰਦਾਜ਼ੀ ਨਾਲ ਪਿੰਡ ਕੁੱਦੋਵਾਲ ਦੀ ਪੰਚਾਇਤ ਦੀ ਪੰਦਰਾਂ ਏਕੜ ਜ਼ਮੀਨ ਵਿੱਚੋਂ ਦੋ ਏਕੜ ਜ਼ਮੀਨ ਰਿਹਾਇਸ਼ੀ ਪਲਾਟਾਂ ਲਈ ਰਾਖਵੀਂ ਛੱਡਣ ਮਗਰੋਂ ਬਾਕੀ ਜ਼ਮੀਨ ਦਾ ਕਬਜ਼ਾ ਪ੍ਰਸ਼ਾਸਨ ਨੇ ਲੈ ਲਿਆ ਹੈ। ਕਿਸੇ ਵੀ ਤਰ੍ਹਾਂ ਦੇ ਟਕਰਾਅ ਦੀ ਸਥਿਤੀ ਨਾਲ ਨਜਿੱਠਣ ਲਈ ਥਾਣਾ ਲਾਂਬੜਾ, ਕਰਤਾਰਪੁਰ ਤੇ ਮਕਸੂਦਾਂ ਦੀ ਪੁਲੀਸ ਮੌਕੇ ’ਤੇ ਤਾਇਨਾਤ ਸੀ।
ਪੰਚਾਇਤੀ ਜ਼ਮੀਨ ਦਾ ਕਬਜ਼ਾ ਲੈਣ ਲਈ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਗੁਰਪ੍ਰੀਤ ਸਿੰਘ ਗਿੱਲ ਬਾਲ ਵਿਕਾਸ ਅਤੇ ਪੰਚਾਇਤ ਅਫਸਰ ਜਲੰਧਰ ਪੱਛਮੀ ਸੰਦੀਪ ਸਿੰਘ ਨਾਇਬ ਤਹਿਸੀਲਦਾਰ ਕਰਤਾਰਪੁਰ ਵਿਜੇ ਕੁਮਾਰ ਅਹੀਰ ਦੀ ਹਾਜ਼ਰੀ ਵਿੱਚ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਪ੍ਰਸ਼ਾਸਨ ਨੇ ਕਬਜ਼ਾ ਲੈ ਲਿਆ ਹੈ। ਇਸ ਸਬੰਧੀ ਬਾਲ ਵਿਕਾਸ ਤੇ ਪੰਚਾਇਤ ਅਫਸਰ ਜਲੰਧਰ ਪੱਛਮੀ ਸੰਦੀਪ ਸਿੰਘ ਨੇ ਦੱਸਿਆ ਕਿ ਪੰਚਾਇਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕਰਦਿਆਂ ਪਿੰਡ ਕੁੱਦੋਵਾਲ ਦੀ ਪੰਦਰਾਂ ਏਕੜ ਜ਼ਮੀਨ ਦਾ ਕਬਜ਼ਾ ਛੁਡਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋ ਏਕੜ ਜ਼ਮੀਨ ਰਾਖਵੀਂ ਛੱਡਣ ਉਪਰੰਤ ਬਾਕੀ ਜ਼ਮੀਨ ਠੇਕੇ ’ਤੇ ਦੇਣ ਲਈ ਜਲਦ ਬੋਲੀ ਕਰਵਾ ਦਿੱਤੀ ਜਾਵੇਗੀ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ਵਿੱਚੋਂ ਰਾਖਵੇਂ ਤੀਜੇ ਹਿੱਸੇ ਲਈ ਬੇਜ਼ਮੀਨੇ ਤੇ ਮਜ਼ਦੂਰਾਂ ਲਈ ਰਿਹਾਇਸ਼ੀ ਪਲਾਟ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।