ਸੁਰਜੀਤ ਮਜਾਰੀ
ਬੰਗਾ, 7 ਨਵੰਬਰ
ਇਥੋਂ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਟਿਕਟ ਦੀ ‘ਉਡੀਕ’ ’ਚ ਬੇਚੈਨ ਹਨ। ਪਹਿਲਾਂ ਤਿੰਨ ਜਣੇ ਇਸ ਦੌੜ ’ਚ ਮੂਹਰੇ ਸਨ, ਹੁਣ ਇੱਕ ਸਾਬਕਾ ਵਿਧਾਇਕ ਦੇ ਪੁੱਤਰ ਦੀ ਸ਼ਮੂਲੀਅਤ ਨੇ ਉਨ੍ਹਾਂ ਨੂੰ ਹੋਰ ਚਿੰਤਾ ਵਿੱਚ ਪਾ ਦਿੱਤਾ ਹੈ। ਟਿਕਟ ਦੇ ਦਾਅਵੇਦਾਰਾਂ ’ਚ ਰਾਜ ਕੁਮਾਰ ਮਾਹਲ, ਬਲਵੀਰ ਕਰਨਾਣਾ ਅਤੇ ਇੱਕ ਮੁਲਾਜ਼ਮ ਆਗੂ ਚਰਚਾ ’ਚ ਸਨ। ਸੂਤਰਾਂ ਅਨੁਸਾਰ ਪਾਰਟੀ ਦੀ ਬੰਗਾ ਟੀਮ ਵਲੋਂ ਹਾਈਕਮਾਂਡ ਨੂੰ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਇਨ੍ਹਾਂ ’ਚੋਂ ਕਿਸੇ ਇੱਕ ਨੂੰ ਟਿਕਟ ਦਿੱਤੀ ਜਾਵੇ। ਇਸ ਮੁੱਦੇ ’ਤੇ ਕਿਸੇ ਹੱਦ ਤੱਕ ਇਹ ਤਿੰਨੋਂ ਦਾਅਵੇਦਾਰ ਵੀ ਆਪਸੀ ਸਹਿਮਤੀ ਬਣਾ ਚੁੱਕੇ ਹਨ। ਹੁਣ ਜਦੋਂ ਤੋਂ ਸਾਬਕਾ ਵਿਧਾਇਕ ਸਵ. ਬਲਵੰਤ ਸਿੰਘ ਸਰਹਾਲ ਦੇ ਪੁੱਤਰ ਕੁਲਜੀਤ ਸਿੰਘ ਸਰਹਾਲ ਉੱਪ ਚੇਅਰਮੈਨ ਬਲਾਕ ਸਮਿਤੀ ‘ਆਪ’ ’ਚ ਸ਼ਾਮਲ ਹੋਏ ਹਨ ਤਾਂ ਦਾਅਵੇਦਾਰੀ ਦੇ ਨਵੇਂ ਸਮੀਕਰਨ ਬਣ ਗਏ ਹਨ। ਉਹ ਇੱਥੋਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਕੇ ਆਏ ਹਨ।
ਦੂਜੇ ਪਾਸੇ ਪਾਰਟੀ ਦੇ ਸਥਾਨਕ ਆਗੂ ਮਨੋਹਰ ਲਾਲ ਗਾਬਾ, ਰਣਬੀਰ ਰਾਣਾ, ਸ਼ਿਵ ਕੌੜਾ, ਵਿਕਾਸ ਸ਼ਾਰਦਾ, ਅਮਰਦੀਪ ਬੰਗਾ ਆਦਿ ਦਾ ਕਹਿਣਾ ਸੀ ਕਿ ਪਾਰਟੀ ਆਗੂਆਂ ਦੀ ਸਥਾਨਕ ਟੀਮ ਦੇ ਬਹੁਮਤ ਨਾਲ ਹੀ ਇੱਥੋਂ ਉਮੀਦਵਾਰੀ ਦਾ ਫ਼ੈਸਲਾ ਪ੍ਰਵਾਨ ਹੋਵੇਗਾ। ਦੱਸਣਯੋਗ ਹੈ ਕਿ ਇੱਥੋਂ ਪਿਛਲੀ ਵਾਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਜੋਤ ਕੌਰ ਲੋਹਟੀਆਂ ਘੱਟ ਫ਼ਰਕ ਨਾਲ ਹੀ ਹਾਰੀ ਸੀ। ਇਸ ਸਬੰਧੀ ਜਦੋਂ ਪਾਰਟੀ ਦੇ ਸੂਬਾ ਇੰਚਾਰਜ ਵਿਧਾਇਕ ਜਰਨੈਲ ਸਿੰਘ ਨਾਲ ਦਿੱਲੀ ਫ਼ੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣ ਸੀ ਕਿ ਪਾਰਟੀ ਹਰ ਹਲਕੇ ਅੰਦਰ ਮੈਰਿਟ ਦੇ ਆਧਾਰ ’ਤੇ ਹੀ ਟਿਕਟਾਂ ਦੀ ਵੰਡ ਕਰ ਰਹੀ ਹੈ ਅਤੇ ਬੰਗਾ ਹਲਕੇ ਸਬੰਧੀ ਵੀ ਉਮੀਦਵਾਰ ਲਈ ਢੁੱਕਵਾਂ ਫ਼ੈਸਲਾ ਹੀ ਲਿਆ ਜਾਵੇਗਾ।